ਕਾਂਗਰਸ ਦੇ ਇਕ ਦਿਨਾ ਸੈਸ਼ਨ ''ਤੇ ਸੁਖਬੀਰ ਬਾਦਲ ਦੀ ਚੁਟਕੀ
Friday, Dec 14, 2018 - 12:44 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਇਕ ਦਿਨਾ ਸਰਦ ਰੁੱਤ ਸੈਸ਼ਨ ਬੁਲਾਉਣ 'ਤੇ ਚੁਟਕੀ ਲੈਂਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਨਾਂ 'ਗਿੰਨੀਜ਼ ਵਰਲਡ ਰਿਕਾਰਡ' 'ਚ ਜਾਣਾ ਚਾਹੀਦਾ ਹੈ ਕਿਉਂਕਿ ਇਕ ਦਿਨ ਦਾ ਇਜਲਾਸ ਪਹਿਲੀ ਵਾਰ ਕਿਸੇ ਸਦਨ 'ਚ ਬੁਲਾਇਆ ਗਿਆ ਹੈ ਅਤੇ ਪੂਰੇ ਵਿਸ਼ਵ 'ਚ ਇਹ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ 'ਤੇ ਲੋਕਤੰਤਰ ਦਾ ਘਾਣ ਹੈ ਕਿਉਂਕਿ ਵਿਧਾਇਕ ਜਨਤਾ ਦਾ ਆਵਾਜ਼ ਚੁੱਕਦੇ ਹਨ ਅਤੇ ਇਹ ਅੱਜ ਤੱਕ ਦੀ ਪਹਿਲੀ ਨਿਕੰਮੀ ਸਰਕਾਰ ਹੈ, ਜਿਸ ਕੋਲ ਕੋਈ ਕੰਮ ਨਹੀਂ ਹੈ ਅਤੇ ਇਹ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਰਹੀ ਹੈ। ਸੁਖਬੀਰ ਬਾਦਲ ਵਲੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾਉਣ ਦਾ ਵੀ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਾਂਗਰਸ 'ਤੇ 1984 ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਜਲਾਸ 'ਚ ਸਿਰਫ ਬਿਜ਼ਨੈੱਸ ਹੀ ਇਕ ਮੁੱਦਾ ਨਹੀਂ ਹੁੰਦਾ, ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਹੁੰਦੇ ਹਨ ਪਰ ਕਾਂਗਰਸ ਕੋਲ ਕੋਈ ਕੰਮ ਹੀ ਨਹੀਂ ਹੈ, ਜਿਸ ਕਾਰਨ ਇਕ ਦਿਨ ਦਾ ਇਜਲਾਸ ਬੁਲਾਇਆ ਗਿਆ ਹੈ।