ਕਾਂਗਰਸੀਆਂ ਦੀ ਸ਼ਹਿ ’ਤੇ ਰੋਸ ਵਿਖਾਵੇ ਕਰਨ ਵਾਲੇ ਸਾਡੇ ਕਾਫ਼ਲੇ ਨੂੰ ਨਹੀਂ ਰੋਕ ਸਕਦੇ : ਸੁਖਬੀਰ ਬਾਦਲ

Thursday, Sep 02, 2021 - 10:45 AM (IST)

ਸਾਹਨੇਵਾਲ (ਜ.ਬ.) : ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 100 ਦਿਨਾਂ ’ਚ 100 ਹਲਕਿਆਂ ਦੇ ਦੌਰੇ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਮੱਤੇਵਾੜਾ ਮੰਡੀ ’ਚ ਕਿਸਾਨ ਜੱਥਿਆਂ ਦੇ ਭਾਰੀ ਵਿਰੋਧ ਦੌਰਾਨ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਸਾਹਨੇਵਾਲ ਹਲਕੇ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ। ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਾਹਨੇਵਾਲ 'ਚ ਆਯੋਜਿਤ ਕੀਤੀ ਗਈ ਰੈਲੀ ’ਚ ਪਹੁੰਚਣ ਲਈ ਹਾਲਾਂਕਿ ਅਕਾਲੀ ਦਲ ਪ੍ਰਧਾਨ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਇਕ ਨਿੱਜੀ ਥਾਰ ਗੱਡੀ ’ਚ ਰੂਟ ਬਦਲ ਕੇ ਪਹੁੰਚਣ ਲਈ ਮਜਬੂਰ ਹੋਣਾ ਪਿਆ ਪਰ ਰੈਲੀ ਸਥਾਨ ’ਤੇ ਇਕੱਤਰ ਹਜ਼ਾਰਾਂ ਅਕਾਲੀ-ਬਸਪਾ ਵਰਕਰਾਂ ਦਾ ਇਕੱਠ ਦੇਖਦੇ ਹੀ ਉਹ ਸਾਰੀ ਪਰੇਸ਼ਾਨੀ ਭੁੱਲ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਸਮਾਜਿਕ ਸੁਰੱਖਿਆ ਤਹਿਤ ਵਧਾਈ ਪੈਨਸ਼ਨ ਦੀ ਸ਼ੁਰੂਆਤ

ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ 2022 ’ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਹਸਪਤਾਲ ਅਤੇ ਉੱਚ ਸਿੱਖਿਆ ਕਾਲਜ ਦੀ ਮੰਗ ਦੇ ਨਾਲ ਹੀ ਇਕ ਵੱਡਾ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ। ਪ੍ਰਧਾਨ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਝੂਠੀਆਂ ਸਹੁੰਆਂ ਖਾਣ ਵਾਲੇ ਆਗੂ ਦੱਸਦਿਆ ਕਿਹਾ ਅਕਾਲੀ-ਬਸਪਾ ਗੱਠਜੋੜ ਨੂੰ ਝੂਠੀਆਂ ਸਹੁੰਆਂ ਖਾਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਜੋ ਵੀ ਕਿਹਾ ਹੈ ਉਹ ਕਰ ਕੇ ਵਿਖਾਇਆ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਭਾਰਤੀ ਸਰਹੱਦ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਲੱਗੀ ਗੋਲੀ

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸੀ ਅਤੇ ‘ਆਪ’ ਦੇ ਆਗੂਆਂ ਨੂੰ ਲਲਕਾਰਦਿਆਂ ਕਿਹਾ ਕਿ ਤੁਹਾਡੀ ਸ਼ਹਿ ’ਤੇ ਕਾਂਗਰਸੀ ਅਤੇ ‘ਆਪ’ ਦੇ ਲੋਕ ਕਿਸਾਨਾਂ ਦੇ ਭੇਸ ’ਚ ਆ ਕੇ ਸਾਡੇ ਕਾਫ਼ਲੇ ਨੂੰ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ 100 ਹਲਕਿਆਂ ਤੱਕ ਮੇਰਾ ਕਾਫ਼ਲਾ ਇਸੇ ਤਰ੍ਹਾਂ ਚਲਦਾ ਰਹੇਗਾ। ਇਸ ਦੌਰਾਨ ਹੀ ਉਨ੍ਹਾਂ ਨੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਮੁੜ ਅਕਾਲੀ-ਬਸਪਾ ਉਮੀਦਵਾਰ ਐਲਾਨਦੇ ਹੋਏ ਕਿਹਾ ਕਿ ਸ਼ਰਨਜੀਤ ਢਿੱਲੋਂ ਨੂੰ ਜੇਤੂ ਬਣਾ ਕੇ ਤੁਸੀਂ ਭੇਜੋ, ਮੰਤਰੀ ਅਸੀਂ ਬਣਾ ਦੇਵਾਂਗੇ। ਰੈਲੀ ਦੌਰਾਨ ਸਿਮਰਨਜੀਤ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਜਮਾਲਪੁਰ, ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਭਾਮੀਆਂ ਬਸਪਾ, ਅੰਮ੍ਰਿਤਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਗਰੇਵਾਲ, ਕੌਂਸਲਰ ਸੁਰਜੀਤ ਰਾਏ, ਕੌਂਸਲਰ ਪਰਮਜੀਤ ਟੋਨਾ, ਬਲਵਿੰਦਰ ਪ੍ਰਿਥੀਪੁਰ, ਨਰਿੰਦਰ ਨਿੰਦੀ, ਗੁਰਦੀਪ ਭੋਲਾ, ਬਲਜੀਤ ਬੱਲੀ ਤੇ ਹੋਰ ਹਜ਼ਾਰਾਂ ਅਕਾਲੀ-ਬਸਪਾ ਵਰਕਰ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News