ਸਰਕਾਰ ਬਣਨ ’ਤੇ ਮਹੀਨੇ ਅੰਦਰ ਸੂਬੇ ’ਚੋਂ ਸਾਰੇ ਗੈਂਗਸਟਰ ਖ਼ਤਮ ਕਰਾਂਗੇ : ਸੁਖਬੀਰ ਬਾਦਲ
Tuesday, Aug 31, 2021 - 10:53 AM (IST)
 
            
            ਸਮਰਾਲਾ/ਮਾਛੀਵਾੜਾ ਸਾਹਿਬ (ਗਰਗ, ਬੰਗੜ, ਟੱਕਰ, ਸਚਦੇਵਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਰੰਭੀ ਯਾਤਰਾ ਦੌਰਾਨ ਸਮਰਾਲਾ ਤੇ ਮਾਛੀਵਾੜਾ ਸਾਹਿਬ ’ਚ ਵੱਡੀਆਂ ਰੈਲੀਆਂ ਕੀਤੀਆ ਗਈਆਂ। ਇਸ ਮੌਕੇ ਉਨ੍ਹਾਂ ਨੇ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਪਾਰਟੀ ਦਾ ਉਮੀਦਵਾਰ ਐਲਾਨਦੇ ਹੋਏ ਵਰਕਰਾਂ ਨੂੰ ਪੰਜਾਬ ’ਚ ਅਗਲੀ ਸਰਕਾਰ ਅਕਾਲੀ-ਬਸਪਾ ਗਠਜੋੜ ਦੀ ਬਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਹਲਕੇ ਦੇ ਪਿੰਡ ਮਾਣਕੀ ਵਿਖੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਏ ਕਿ ਇਹ ਦੋਵੇਂ ਪਾਰਟੀਆਂ ਅਕਾਲੀ-ਬਸਪਾ ਗਠਜੋੜ ਦੀ ਚੜ੍ਹਤ ਨੂੰ ਵੇਖ ਕੇ ਆਪਸ ’ਚ ਮਿਲ ਗਈਆਂ ਹਨ ਅਤੇ ਪੈਰਾਂ ਹੇਠੋਂ ਜ਼ਮੀਨ ਖ਼ਿਸਕਦੀ ਵੇਖ ਉਨ੍ਹਾਂ ਨੂੰ ਝੰਡੇ ਵਿਖਾਉਣ ਦੇ ਡਰਾਮੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹੁਣ ਹਾਰ ਤੋਂ ਕੋਈ ਵੀ ਨਹੀਂ ਬਚਾਅ ਸਕਦਾ ਅਤੇ ਅਸੀਂ ਅਗਲੀ ਸਰਕਾਰ ਬਣਾਵਾਂਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਮਾੜੀ ਖ਼ਬਰ, ਮੁੜ ਕਰਨਾ ਪੈ ਸਕਦੈ 'ਬਿਜਲੀ ਸੰਕਟ' ਦਾ ਸਾਹਮਣਾ
ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਸਮੇਂ ਪੰਜਾਬ ’ਚ ਗੈਂਗਸਟਰਾਂ ਤੇ ਨਸ਼ਿਆਂ ਦਾ ਪੂਰਾ ਬੋਲਬਾਲਾ ਹੈ। ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਡੀ ਸਰਕਾਰ ਬਣਨ ਦੇ 1 ਮਹੀਨੇ ਦੇ ਅੰਦਰ ਉਹ ਪੂਰੇ ਸੂਬੇ ’ਚੋਂ ਗੈਂਗਸਟਰ ਖ਼ਤਮ ਕਰ ਦੇਣਗੇ। ਉਨ੍ਹਾਂ ਕਾਂਗਰਸ ਪਾਰਟੀ ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਸਾਢੇ 4 ਸਾਲ ਘਰੋਂ ਨਹੀਂ ਨਿਕਲੇ ਅਤੇ ਆਪਣੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਖ਼ਜ਼ਾਨੇ ਦੀ ਬੁਰੀ ਤਰ੍ਹਾਂ ਦੁਰਵਰਤੋ ਕੀਤੀ ਹੈ, ਜਿਸ ਦਾ ਉਹ ਆਪਣੀ ਸਰਕਾਰ ਆਉਣ ’ਤੇ ਹਿਸਾਬ ਲੈਣਗੇ।
ਇਹ ਵੀ ਪੜ੍ਹੋ : ਪਟਿਆਲਾ ਸ਼ਹਿਰੀ ਹਲਕੇ ਤੋਂ 'ਕੈਪਟਨ' ਅਮਰਿੰਦਰ ਸਿੰਘ ਹੀ ਹੋਣਗੇ ਉਮੀਦਵਾਰ : ਪ੍ਰਨੀਤ ਕੌਰ
ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਦੇ ਦਿਨ ਦਿਖਾਉਣ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਬੜੇ ਸੋਚ-ਵਿਚਾਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਵੇਂ ਕਿ ਗਰੀਬ ਪਰਿਵਾਰਾਂ ਨੂੰ 400 ਯੂਨਿਟ ਮੁਫ਼ਤ ਅਤੇ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਤੇ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ 10 ਹਜ਼ਾਰ ਮੈਗਾਵਾਟ ਦਾ ਸੋਲਰ ਪਲਾਂਟ ਲਗਾਇਆ ਜਾਵੇਗਾ, ਨੌਜਵਾਨਾਂ ਦੇ ਵਿਦੇਸ਼ ਜਾਣ ਲਈ 10-10 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਡੀਜ਼ਲ 10 ਰੁਪਏ ਤੱਕ ਸਸਤਾ ਕੀਤਾ ਜਾਵੇਗਾ।
ਨੋਟ : ਸੁਖਬੀਰ ਬਾਦਲ ਦੇ ਉਕਤ ਐਲਾਨ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            