ਸੁਖਬੀਰ ਬਾਦਲ ''ਹਾਥੀ'' ਦੀ ਸਵਾਰੀ ਲਈ ਤਿਆਰ, ਅੰਦਰਖਾਤੇ ਲੱਗ ਰਹੇ ਜੁਗਾੜ!

02/19/2020 2:43:22 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਬੈਠੀ ਭਾਜਪਾ ਦੇ ਰਾਜਸੀ ਮੂਡ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿਉਂਕਿ ਹਰਿਆਣਾ 'ਚ ਜੋ ਹਾਲ ਅਕਾਲੀ ਦਲ ਦਾ ਹੋਇਆ, ਅਜੇ ਉਸ ਦਾ ਅਕਾਲੀ ਦਲ 'ਚ ਗੁੱਸਾ ਠੰਡਾ ਨਹੀਂ ਹੋਇਆ ਸੀ ਕਿ ਦਿੱਲੀ 'ਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਅਜਿਹੇ ਤਾਰੇ ਦਿਖਾਏ ਕਿ 8 ਸੀਟਾਂ ਮੰਗਣ 'ਤੇ ਇਕ ਵੀ ਸੀਟ ਨਾ ਦੇ ਕੇ ਬੁਰੀ ਤਰ੍ਹਾਂ ਨਕਾਰ ਕੇ ਕੱਖੋਂ ਹੌਲੇ ਕਰ ਦਿੱਤਾ।

ਇਹ ਸਭ ਕੁਝ ਦੇਖ ਕੇ ਸ਼ਾਇਦ ਅਕਾਲੀ ਦਲ ਪ੍ਰਧਾਨ ਹਾਥੀ ਦੀ ਸਵਾਰੀ ਕਰਨ ਦੀ ਤਿਆਰੀ 'ਚ ਹੋਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ 1996 ਦੀਆਂ ਲੋਕ ਸਭਾ ਚੋਣਾਂ 'ਚ ਬਸਪਾ ਨਾਲ ਗੱਠਜੋੜ ਕਰ ਕੇ ਚੋਣ ਲੜ ਚੁੱਕਾ ਹੈ, ਜਿਸ 'ਤੇ ਅਕਾਲੀ-ਬਸਪਾ ਗੱਠਜੋੜ ਦੇ 11 ਐੱਮ. ਪੀ. ਬਣੇ ਸਨ, ਜਿਨ੍ਹਾਂ 'ਚੋਂ 8 ਅਕਾਲੀ ਦਲ ਨਾਲ ਸਬੰਧਤ ਸਨ, ਜਦੋਂ ਕਿ ਤਿੰਨ ਐੱਮ. ਪੀ. ਬਸਪਾ ਦੇ ਬਣੇ ਸਨ, ਜਿਵੇਂ ਕਿ ਕਾਂਸ਼ੀ ਰਾਮ ਹੁਸ਼ਿਆਰਪੁਰ, ਹਰਭਜਨ ਲਾਖਾ ਫਿਲੌਰ, ਮੋਹਨ ਸਿੰਘ ਫਲੀਆਂਵਾਲਾ ਫਿਰੋਜ਼ਪੁਰ ਸਨ।

ਇਸੇ ਤਰ੍ਹਾਂ ਦੋ ਐੱਮ. ਪੀ. ਗੁਰਦਾਸਪੁਰ ਤੋਂ ਸੁਖਵੰਤ ਕੌਰ ਭਿੰਡਰ ਅਤੇ ਅੰਮ੍ਰਿਤਸਰ ਤੋਂ ਸ਼੍ਰੀ ਰਘੂਨੰਦਨ ਭਾਟੀਆ ਕਾਂਗਰਗ ਪਾਰਟੀ ਦੇ ਬਣੇ ਸਨ, ਜਦੋਂ ਕਿ ਭਾਜਪਾ ਦਾ ਖਾਤਾ ਵੀ ਨਹੀਂ ਸੀ ਖੁੱਲ੍ਹ ਸਕਿਆ। ਭਾਜਪਾ ਵੱਲੋਂ ਨੱਕ-ਬੁੱਲ੍ਹ ਮਾਰੇ ਜਾਣ 'ਤੇ ਅਤੇ ਹਰਿਆਣਾ-ਦਿੱਲੀ 'ਚ ਕੀਤੇ ਹਾਲਾਤ ਨੂੰ ਦੇਖਦਿਆਂ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਅੰਦਰਖਾਤੇ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਜਿਵੇਂ ਪੰਜਾਬ 'ਚ ਬੈਠੇ ਭਾਜਪਾ ਪੱਖੀ ਨੇਤਾ ਅਤੇ ਸਾਬਕਾ ਮੰਤਰੀ 50 ਸੀਟਾਂ ਦੀ ਮੰਗ ਕਰਨ ਲੱਗ ਪਏ ਅਤੇ ਅਕਾਲੀ ਦਲ ਨਾਲ ਚੋਣਾਂ ਨਾ ਲੜਨ ਦੀਆਂ ਖਬਰਾਂ ਉਡਾ ਰਹੇ ਹਨ, ਇਸ ਲਈ ਅਕਾਲੀ ਦਲ ਨੂੰ ਹੁਣ ਤੋਂ ਕੋਈ ਰਾਜਸੀ ਹੱਲ ਅਤੇ ਜੁਗਾੜ ਲਾਉਣਾ ਪਵੇਗਾ।
ਇਸ ਲਈ ਰਾਜਸੀ ਹਲਕਿਆਂ 'ਚ ਹਾਥੀ ਬਾਰੇ ਉੱਡ ਰਹੀ ਖਬਰ 'ਤੇ ਜੇਕਰ ਯਕੀਨ ਕੀਤਾ ਜਾਵੇ ਤਾਂ ਸੁਖਬੀਰ ਬਾਦਲ ਪੰਜਾਬ 'ਚ 2022 ਦੀਆਂ ਚੋਣਾਂ ਜਿੱਤਣ ਲਈ ਬਸਪਾ ਦੇ ਹਾਥੀ ਦੀ ਰਾਜਸੀ ਸਵਾਰੀ ਭਾਵ ਭਾਜਪਾ ਨੂੰ ਛੱਡ ਕੇ ਬਸਪਾ ਨਾਲ ਗੱਠਜੋੜ ਕਰ ਸਕਦੇ ਹਨ।


Babita

Content Editor

Related News