ਕਿਸਾਨ ਬੁੱਧ ਸਿੰਘ ਦੀ ਕੁੱਟਮਾਰ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ : ਸੁਖਬੀਰ

07/09/2019 10:54:26 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਦੀ ਉਸ ਗਰੀਬ ਕਿਸਾਨ ਬੁੱਧ ਸਿੰਘ ਖ਼ਿਲਾਫ ਸਿਆਸੀ ਖੁੰਦਕ ਕੱਢਣ ਲਈ ਸਖ਼ਤ ਨਿਖੇਧੀ ਕੀਤੀ ਹੈ, ਜਿਸ ਨਾਲ ਸਭ ਤੋਂ ਪਹਿਲਾਂ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰ ਕੇ ਕਾਂਗਰਸ ਪਾਰਟੀ ਨੇ ਉਸ ਨੂੰ ਆਪਣੀ ਕਰਜ਼ਾ ਮੁਆਫੀ ਸਕੀਮ ਦਾ ਪੋਸਟਰ ਬੁਆਏ ਬਣਾਇਆ ਸੀ ਅਤੇ ਬਾਅਦ 'ਚ ਵਾਅਦੇ ਤੋਂ ਮੁੱਕਰ ਕੇ ਉਸ ਨਾਲ ਵਿਸ਼ਵਾਸਘਾਤ ਕੀਤਾ ਸੀ। ਨਿਰਾਸ਼ਾ ਦੇ ਆਲਮ 'ਚ ਡਿੱਗੇ ਇਸ ਗਰੀਬ ਕਿਸਾਨ ਦੀ ਯੂਥ ਅਕਾਲੀ ਦਲ ਨੇ ਵਿੱਤੀ ਮਦਦ ਕੀਤੀ ਸੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬੁੱਧ ਸਿੰਘ ਉੱਪਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦੇ ਮੁੰਡੇ ਵੱਲੋਂ ਹਮਲਾ ਕੀਤਾ ਗਿਆ ਹੈ।
ਉੁਨ੍ਹਾਂ ਕਿਹਾ ਕਿ ਹਮਲਾਵਰ ਸੱਤਾ ਦੇ ਨਸ਼ੇ ਵਿਚ ਇੰਨੇ ਚੂਰ ਸਨ ਕਿ ਉਨ੍ਹਾਂ ਨੇ ਬੁੱਧ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਵਧੀਕ ਐੱਸ. ਐੱਚ. ਓ. ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਵੀ ਗੰਭੀਰ ਵਿਚ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸੁਖਬੀਰ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਹਮਲਾਵਾਰ ਇਹ ਕੁੱਟਮਾਰ ਇਲਾਕੇ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਇਸ਼ਾਰੇ 'ਤੇ ਕਰ ਰਹੇ ਸਨ, ਜਿਹੜੀ ਬੁੱਧ ਸਿੰਘ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਕੋਲੋਂ 3.86 ਲੱਖ ਰੁਪਏ ਦੀ ਵਿੱਤੀ ਮਦਦ ਲੈਣ ਲਈ ਸਬਕ ਸਿਖਾਉਣਾ ਚਾਹੁੰਦੀ ਸੀ। ਸੁਖਬੀਰ ਨੇ ਇਸ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਸਾਰੇ ਹਮਲਾਵਰਾਂ ਅਤੇ ਉਨ੍ਹਾਂ ਦੇ ਸਰਗਣਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਬੁੱਧ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਇਕ ਅੰਦੋਲਨ ਸ਼ੁਰੂ ਕਰੇਗਾ।


Babita

Content Editor

Related News