ਗੁਰਦਾਸਪੁਰ, ਕਾਦੀਆਂ ਅਤੇ ਦੀਨਾਨਗਰ ਨਗਰ ਕੌਂਸਲ ਚੋਣਾਂ ’ਤੇ ਉੱਚ ਅਦਾਲਤ ਦਾ ਅਹਿਮ ਫ਼ੈਸਲਾ
Thursday, May 28, 2026 - 02:24 PM (IST)
ਗੁਰਦਾਸਪੁਰ (ਹਰਮਨ) : ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਗੁਰਦਾਸਪੁਰ, ਕਾਦੀਆਂ ਅਤੇ ਦੀਨਾਨਗਰ ਦੀਆਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਅਹਿਮ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 26 ਮਈ 2026 ਨੂੰ ਤਿੰਨ ਅਰਜ਼ੀਆਂ ਦੇ ਸਾਂਝੇ ਨਿਪਟਾਰੇ ਦੌਰਾਨ ਜਾਰੀ ਕੀਤੇ ਗਏ। ਡਵੀਜ਼ਨ ਬੈਂਚ, ਜਿਸ ’ਚ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਸ਼ਾਮਲ ਸਨ, ਨੇ ਬਲਜੀਤ ਸਿੰਘ, ਸੁਖਵਿੰਦਰ ਪਾਲ ਸਿੰਘ ਅਤੇ ਪਰਮਿੰਦਰ ਸਿੰਘ ਵੱਲੋਂ ਦਾਇਰ ਅਰਜ਼ੀਆਂ ’ਤੇ ਇਕੱਠੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ।
ਇਹ ਵੀ ਪੜ੍ਹੋ- ਰੇਗਿਸਤਾਨ ਤੋਂ ਵੱਧ ਤਪ ਰਿਹਾ ਪੰਜਾਬ, ਚਿੰਤਾਨਜਨਕ ਬਣੀ ਸਥਿਤੀ
ਅਰਜ਼ੀਕਾਰਾਂ ਦੇ ਵਕੀਲ ਯਾਜੁਰ ਸ਼ਰਮਾ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਜੂਨ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਸਕਦਾ ਹੈ ਜਾਂ ਮਨਮਰਜ਼ੀ ਨਾਲ ਰੱਦ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਉਮੀਦਵਾਰਾਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਜਤਾਈ। ਇਸ ’ਤੇ ਅਦਾਲਤ ਨੇ ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ। ਅਦਾਲਤ ਨੇ ਹੁਕਮ ਦਿੱਤਾ ਕਿ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ, ਮਤਦਾਨ ਕੇਂਦਰ, ਵੋਟ ਗਿਣਤੀ ਕੇਂਦਰ ਅਤੇ ਵੋਟਾਂ ਦੇ ਸਟੋਰੇਜ ਸਥਾਨਾਂ ’ਤੇ ਨਿਗਰਾਨੀ ਕੈਮਰੇ ਲਗਾਉਣੇ ਲਾਜ਼ਮੀ ਹੋਣਗੇ। ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਨਹੀਂ ਰੋਕਿਆ ਜਾਵੇਗਾ ਅਤੇ ਜੇ ਕੋਈ ਨਾਮਜ਼ਦਗੀ ਰੱਦ ਕੀਤੀ ਜਾਂਦੀ ਹੈ ਤਾਂ ਉਸ ਦੇ ਸਪੱਸ਼ਟ ਕਾਰਨ ਲਿਖਤੀ ਰੂਪ ’ਚ 48 ਘੰਟਿਆਂ ਅੰਦਰ ਦੇਣੇ ਹੋਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ’ਚ ਛੋਟੀਆਂ ਗਲਤੀਆਂ ਹੋਣ ’ਤੇ ਉਮੀਦਵਾਰ ਨੂੰ ਸੁਧਾਰ ਦਾ ਮੌਕਾ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਜੇ ਇਕ ਵੀ ਉਮੀਦਵਾਰ ਕੋਲ ਨੋ-ਆਬਜੈਕਸ਼ਨ ਪ੍ਰਮਾਣ ਪੱਤਰ ਨਾ ਹੋਵੇ ਤਾਂ ਉਹ ਹਲਫ਼ਨਾਮੇ ਰਾਹੀਂ ਆਪਣੀ ਯੋਗਤਾ ਦਰਸਾ ਸਕਦਾ ਹੈ। ਅਦਾਲਤ ਨੇ ਸੁਰੱਖਿਆ ਦੇ ਮੱਦੇਨਜ਼ਰ ਸੰਬੰਧਿਤ ਜ਼ਿਲਾ ਪੁਲਸ ਮੁਖੀ ਨੂੰ ਹੁਕਮ ਦਿੱਤੇ ਹਨ ਕਿ ਉਮੀਦਵਾਰਾਂ ਦੀਆਂ ਸੁਰੱਖਿਆ ਅਰਜ਼ੀਆਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਚੋਣ ਸਥਾਨਾਂ ਦੇ ਨੇੜੇ ਗੈਰ-ਅਧਿਕਾਰਤ ਵਿਅਕਤੀਆਂ ਦੀ ਮੌਜੂਦਗੀ ’ਤੇ ਪਾਬੰਦੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਮਸ਼ੀਨਾਂ ਜਾਂ ਕਾਗਜ਼ੀ ਪਰਚੀਆਂ ਰਾਹੀਂ ਮਤਦਾਨ ਕਰਵਾਉਣ ਬਾਰੇ 7 ਦਿਨਾਂ ਅੰਦਰ ਫ਼ੈਸਲਾ ਕੀਤਾ ਜਾਵੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਵੀ ਇਨ੍ਹਾਂ ਤਿੰਨਾਂ ਨਗਰ ਕੌਂਸਲਾਂ ’ਤੇ ਲਾਗੂ ਹੋਣਗੀਆਂ ਅਤੇ ਕੋਈ ਵੀ ਅਧਿਕਾਰੀ ਇਨ੍ਹਾਂ ਤੋਂ ਮੁੱਕਰ ਨਹੀਂ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
