ਸੁਖਬੀਰ ਬਾਦਲ ਨੇ ਚੰਦੂਮਾਜਰਾ ਨਾਲ ਕੀਤੀ ਗੁਪਤ ਬੈਠਕ

07/27/2020 11:54:01 PM

ਮੋਹਾਲੀ,(ਪਰਦੀਪ)-ਕਹਿੰਦੇ ਹਨ ਕਿ ਰਾਜਨੀਤੀ ਵਿਚ ਟਕਸਾਲੀ ਨੇਤਾਵਾਂ ਦੀਆਂ ਪੁਰਾਣੀਆਂ ਵਫਾਦਾਰੀਆਂ ਹਾਈਕਮਾਂਡ ਨੂੰ ਉਸ ਵੇਲੇ ਨਜ਼ਰੀ ਪੈਂਦੀਆਂ ਹਨ, ਜਦੋਂ ਸਾਰੇ ਪਾਸੇ ਲੋਕ 'ਤੂੰ ਚੱਲ ਮੈਂ ਆਇਆ' ਦੇ ਰਾਹ ਤੁਰ ਪੈਂਦੇ ਹਨ ਅਤੇ ਅਜਿਹਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਹੋਇਆ ਜਾਪਦਾ ਹੈ। ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਅਤੇ ਬਾਦਲਾਂ ਦੇ ਨਜ਼ਦੀਕੀ ਰਿਸ਼ਤੇਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸੀਨੀਅਰ ਫੈੱਡਰੇਸ਼ਨ ਨੇਤਾ ਕਰਨੈਲ ਸਿੰਘ ਪੀਰ ਮੁਹੰਮਦ ਉਸ 'ਚ ਸ਼ਾਮਲ ਹੋਏ ਅਤੇ ਉਸ ਤੋਂ ਬਾਅਦ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਕਰਕੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਚੇਅਰਮੈਨ ਐੱਸ. ਐੱਸ. ਬੋਰਡ ਤੇਜਿੰਦਰਪਾਲ ਸਿੰਘ ਸੰਧੂ, ਨਿਧੜਕ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਮੋਹਾਲੀ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਖੰਨਾ ਵਿਧਾਨ ਸਭਾ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਨੂੰ ਇਸ 'ਚ ਸ਼ਾਮਲ ਕਰ ਲਿਆ ਗਿਆ। ਸ਼ਾਇਦ ਪ੍ਰੋ. ਚੰਦੂਮਾਜਰਾ ਨੂੰ ਲੈ ਕੇ ਵੀ ਅਜਿਹਾ ਹੀ ਡਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਮਨ 'ਚ ਵੀ ਹੈ, ਜਿਸ ਕਾਰਨ ਉਹ ਮਹਿਜ਼ 4 ਦਿਨਾਂ ਬਾਅਦ ਹੀ ਉਨ੍ਹਾਂ ਦੇ ਘਰ ਦੂਜੀ ਵਾਰ ਚਲੇ ਗਏ।

ਕੋਰ ਕਮੇਟੀ ਦੀ ਬੈਠਕ ਚੰਦੂਮਾਜਰਾ ਦੇ ਘਰ ਕੀਤੀ ਆਯੋਜਿਤ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਥੇ ਲੰਘੀ 23 ਜੁਲਾਈ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਦੇ ਫੇਜ਼-2 ਵਿਖੇ ਸਥਿਤ ਰਿਹਾਇਸ਼ 'ਤੇ ਸ਼ਾਮ 5 ਵਜੇ ਪੁੱਜੇ ਸਨ। 2 ਘੰਟੇ ਦੇ ਕਰੀਬ ਚੱਲ ਇਸ ਮੀਟਿੰਗ ਸਬੰਧੀ ਪ੍ਰੋ. ਚੰਦੂਮਾਜਰਾ ਨੇ ਸਪੱਸ਼ਟ ਕਿਹਾ ਸੀ ਕਿ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਪਰਿਵਾਰਕ ਫੇਰੀ ਸੀ, ਜਿਸ ਵਿਚ ਉਨ੍ਹਾਂ ਦੇ ਬੇਟੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਹੀ ਹਾਜ਼ਰ ਸਨ ਅਤੇ ਅੱਜ ਦੁਪਹਿਰ 12 ਵਜੇ ਮਹਿਜ਼ 4 ਦਿਨਾਂ ਬਾਅਦ ਹੀ ਸੁਖਬੀਰ ਫਿਰ ਪ੍ਰੋ. ਚੰਦੂਮਾਜਰਾ ਦੀ ਰਿਹਾਇਸ਼ਗਾਹ ਪੁੱਜ ਗਏ ਅਤੇ ਢਾਈ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਨੂੰ ਬੇਹੱਦ ਗੁਪਤ ਰੱਖਿਆ ਗਿਆ ਸੀ। ਇਸ ਮੀਟਿੰਗ ਵਿਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦੇ ਦਫਤਰ ਸਕੱਤਰ ਅਤੇ ਬੁਲਾਰੇ ਚਰਨਜੀਤ ਸਿੰਘ ਬਰਾੜ ਹਾਜ਼ਰ ਸਨ ਤੇ ਕਿਸੇ ਵੀ ਹੋਰ ਅਕਾਲੀ ਨੇਤਾ ਨੂੰ ਇਸ ਮੀਟਿੰਗ ਵਿਚ ਸੱਦਿਆ ਨਹੀਂ ਸੀ। ਸਿਆਸੀ ਮਾਹਿਰਾਂ ਅਨੁਸਾਰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਆਮ ਤੌਰ 'ਤੇ ਪਾਰਟੀ ਦੇ ਮੁੱਖ ਦਫਤਰ ਜਾਂ ਫਿਰ ਪਾਰਟੀ ਪ੍ਰਧਾਨ ਦੀ ਰਿਹਾਇਸ਼ਗਾਹ 'ਤੇ ਹੀ ਹੁੰਦੀ ਹੈ। ਕੋਰ ਕਮੇਟੀ ਦੀ ਮੀਟਿੰਗ ਪ੍ਰੋ. ਚੰਦੂਮਾਜਰਾ ਦੀ ਰਿਹਾਇਸ਼ਗਾਹ ਤੇ ਹੋਣਾ ਅਤੇ ਇਸ ਨੂੰ ਗੁਪਤ ਰੱਖਣਾ ਸ਼੍ਰੋਮਣੀ ਅਕਾਲੀ ਦਲ ਲਈ ਕਈ ਸਵਾਲ ਖੜ੍ਹੇ ਕਰਦਾ ਹੈ।

ਪ੍ਰੋ. ਚੰਦੂਮਾਜਰਾ ਨੇ ਸਾਰੀਆਂ ਅਟਕਲਾਂ 'ਤੇ ਲਾਈ ਰੋਕ

ਸੁਖਬੀਰ ਸਿੰਘ ਬਾਦਲ ਦੀ ਮਹਿਜ਼ 4 ਦਿਨਾਂ ਬਾਅਦ ਹੀ ਲਗਾਈ ਫੇਰੀ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲੰਘੀ 23 ਜੁਲਾਈ ਵਾਲੀ ਸੁਖਬੀਰ ਸਿੰਘ ਬਾਦਲ ਦੀ ਫੇਰੀ ਸਿਰਫ ਪਰਿਵਾਰਕ ਸੀ ਜਦਕਿ ਅੱਜ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ, ਜਿਸ ਵਿਚ ਡੇਰਾ ਸਿਰਸਾ ਸ਼ਰਧਾਲੂ ਵੀਰਪਾਲ ਕੌਰ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੀ ਰੁੱਖ ਅਪਣਾਉਣਾ ਹੈ ਸਬੰਧੀ ਵਿਚਾਰਾਂ ਹੋਈਆਂ। ਪ੍ਰੋ. ਚੰਦੂਮਾਜਰਾ ਨੇ ਅੱਜ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਸੇਵਾਦਾਰ ਹਨ ਅਤੇ ਹਮੇਸ਼ਾ ਰਹਿਣਗੇ।


Deepak Kumar

Content Editor

Related News