ਕਿਸਾਨਾਂ ਦੀ ਸੁਰੱਖਿਆ ਲਈ ਕਣਕ ਖਰੀਦ ਦੀ ਪ੍ਰਕਿਰਿਆ ''ਚ ਕੀਤੀ ਜਾਵੇ ਤਬਦੀਲੀ : ਸੁਖਬੀਰ ਬਾਦਲ
Sunday, Mar 29, 2020 - 02:06 AM (IST)
ਚੰਡੀਗੜ੍ਹ,(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਕਣਕ ਖਰੀਦ ਦੀ ਪ੍ਰਕਿਰਿਆ 'ਚ ਤਬਦੀਲੀਆਂ ਲਿਆਉਣ ਤਾਂ ਕਿ ਕਿਸਾਨ ਗਰੁੱਪਾਂ 'ਚ ਮੰਡੀਆਂ ਅੰਦਰ ਜਾ ਸਕਣ। ਇਸ ਤੋਂ ਇਲਾਵਾ ਲੱਖਾਂ ਗਰੀਬਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਪੰਜਾਬ ਅੰਦਰ ਫੂਡ ਸਪਲਾਈ ਚੇਨ ਬਹਾਲ ਕਰਨ ਵਾਸਤੇ ਮੁੱਖ ਮੰਤਰੀ ਤੁਰੰਤ ਜ਼ਰੂਰੀ ਕਦਮ ਉਠਾਉਣ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ 'ਚ ਰੱਖਦਿਆਂ ਆ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਾਰਦਾਨਾ ਵੰਡਣ ਦਾ ਪ੍ਰਬੰਧ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਖੇਤਾਂ ਜਾਂ ਘਰਾਂ 'ਚ ਕਣਕ ਸਟੋਰ ਕਰਨ ਲਈ ਆਖ ਸਕਦੀ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕਣਕ ਦੀ ਇਸ ਢੰਗ ਨਾਲ ਗਰੁੱਪਾਂ 'ਚ ਖਰੀਦ ਕੀਤੀ ਜਾ ਸਕਦੀ ਹੈ ਕਿ ਖਰੀਦ ਦੇ ਪੂਰੇ ਸੀਜ਼ਨ ਦੌਰਾਨ ਮੰਡੀਆਂ 'ਚ ਭੀੜ ਨਾ ਹੋਵੇ।
ਸੁਖਬੀਰ ਨੇ ਕਿਹਾ ਕਿ ਜਿਵੇਂ ਕਿ ਹੁਣ ਸਾਫ਼ ਦਿਸਦਾ ਹੈ ਕਿ ਅਗਲੇ ਮਹੀਨੇ ਜਦੋਂ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮਜ਼ਦੂਰਾਂ ਅਤੇ ਕੰਬਾਈਨ ਹਾਰਵੈਸਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ, ਜਿਨ੍ਹਾਂ 'ਚੋਂ ਬਹੁਤ ਸਾਰੇ ਸੂਬੇ ਤੋਂ ਬਾਹਰ ਹੀ ਫਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਤੁਰੰਤ 50 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਣਕ ਦੀ ਵਾਢੀ ਕਰਵਾਉਣ ਸਮੇਂ ਮਹਿੰਗੀ ਮਜ਼ਦੂਰੀ ਦੇ ਬੋਝ ਨੂੰ ਝੱਲ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਅੰਦਰ ਆ ਰਹੇ ਵਾਢੀ ਦੇ ਸੀਜ਼ਨ ਵਾਸਤੇ ਕੰਬਾਈਨ ਹਾਰਵੈਸਟਰਾਂ ਦੀ ਗਿਣਤੀ ਵਧਾਉਣ ਲਈ ਇਨ੍ਹਾਂ ਦੀ ਖਰੀਦ 'ਤੇ ਸਬਸਿਡੀ ਦਾ ਐਲਾਨ ਕਰਨਾ ਚਾਹੀਦਾ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਆ ਰਹੀ ਆਲੂਆਂ ਦੀ ਫਸਲ ਦੀ ਖਰੀਦ ਲਈ ਵੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਨੂੰ ਇਸ ਫਸਲ ਦਾ ਵੱਡਾ ਹਿੱਸਾ ਖੁਦ ਖਰੀਦਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ। ਇਸ ਖਰੀਦੇ ਹੋਏ ਆਲੂ ਨੂੰ ਗਰੀਬਾਂ ਅਤੇ ਲੋੜਵੰਦਾਂ 'ਚ ਮੁਫਤ ਵੰਡਿਆ ਜਾ ਸਕਦਾ ਹੈ।
ਸੁਖਬੀਰ ਨੇ ਕਿਹਾ ਕਿ ਮਾਲਵਾ ਦੇ ਕਿਸਾਨ ਅਗਲੇ ਮਹੀਨੇ 20 ਅਪ੍ਰੈਲ ਤੋਂ ਨਰਮੇ ਦੀ ਬੀਜਾਈ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਤੱਕ ਪਹੁੰਚ ਕਰ ਕੇ ਦੱਸਿਆ ਕਿ ਵਧੀਆ ਕੁਆਲਟੀ ਦੇ ਬੀ. ਟੀ. ਕਾਟਨ ਬੀਜ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਤਾਮਿਲਨਾਡੂ ਅਤੇ ਗੁਜਰਾਤ ਤੋਂ ਬੀ. ਟੀ. ਕਾਟਨ ਬੀਜ ਦੀ ਖਰੀਦ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਕਿਸਾਨਾਂ ਵਿਚ ਵੰਡਣਾ ਚਾਹੀਦਾ ਹੈ। ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸੂਬੇ ਅੰਦਰ ਫੂਡ ਸਪਲਾਈ ਦੀ ਚੇਨ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੁਰਾਕ ਉਤਪਾਦਾਂ ਦਾ ਅੰਤਰਰਾਜੀ ਆਉਣਾ-ਜਾਣਾ ਰੁਕਣਾ ਨਹੀਂ ਚਾਹੀਦਾ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਦਖ਼ਲ ਦੇਣਾ ਚਾਹੀਦਾ ਹੈ ਕਿ ਖੁਰਾਕ ਉਤਪਾਦ ਰਿਟੇਲ ਦੁਕਾਨਾਂ ਅਤੇ ਲੋਕਾਂ ਤਕ ਪਹੁੰਚਣ। ਉਨ੍ਹਾਂ ਕਿਹਾ ਕਿ ਢੋਆ-ਢੁਆਈ 'ਚ ਸਬਜ਼ੀਆਂ ਅਤੇ ਫਲਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਕਾਂ ਨੂੰ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਅਤੇ ਹੈਲਪ ਲਾਈਨਾਂ ਸਥਾਪਤ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸੰਕਟ ਦੇ ਇਸ ਸਮੇਂ 'ਚ ਕਿਸੇ ਨੂੰ ਵੀ ਲੁੱਟਿਆ ਨਾ ਜਾਵੇ।