ਸੁਖਬੀਰ, ਹਰਸਿਮਰਤ ਤੇ ਮਜੀਠੀਆ ਨੇ ''ਸੋਈ'' ਨੂੰ ਜਿੱਤ ''ਤੇ ਦਿੱਤੀ ਵਧਾਈ

Saturday, Sep 07, 2019 - 09:48 AM (IST)

ਸੁਖਬੀਰ, ਹਰਸਿਮਰਤ ਤੇ ਮਜੀਠੀਆ ਨੇ ''ਸੋਈ'' ਨੂੰ ਜਿੱਤ ''ਤੇ ਦਿੱਤੀ ਵਧਾਈ

ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਲਈ ਸਟੂਡੈਂਟਸ ਆਰਗੇਨਾਈਜੇਸਨ ਆਫ ਇੰਡੀਆ (ਐੱਸ. ਓ. ਆਈ.) ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜਿੱਤ ਸੂਬੇ ਦੇ ਨੌਜਵਾਨਾਂ ਅੰਦਰ ਜੋਰ ਫੜ੍ਹ ਚੁੱਕੀ ਭਾਵਨਾ ਦਾ ਪ੍ਰਤੀਕ ਹੈ।
ਅਕਾਲੀ ਦਲ ਪ੍ਰਧਾਨ ਨੇ ਐੱਸ. ਓ. ਆਈ. ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਚੇਤਨ ਚੌਧਰੀ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀ. ਯੂ. ਸੀ. ਐੱਸ. ਸੀ.) ਦੇ ਸਾਰੇ ਵੱਡੇ ਅਹੁਦਿਆਂ ਉੱਤੇ ਜਿੱਤ ਹਾਸਲ ਕਰਨ ਲਈ ਵਧਾਈ ਦਿੱਤੀ। 2015 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਐੱਸ. ਓ. ਆਈ. ਨੇ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਅੰਦਰ ਪੂਰੇ ਪੰਜਾਬ ਦੇ ਵਿਦਿਆਰਥੀ ਪੜ੍ਹਦੇ ਹਨ, ਇਸ ਲਈ ਇਹ ਚੋਣ ਨਤੀਜੇ ਸੂਬੇ ਦੇ ਨੌਜਵਾਨਾਂ ਦੇ ਸਿਆਸੀ ਝੁਕਾਅ ਦੀ ਸੱਚੀ ਪ੍ਰਤੀਨਿਧਤਾ ਕਰਦੇ ਹਨ। ਉਨਾਂ ਕਿਹਾ ਕਿ ਤੱਥ ਇਹ ਹੈ ਕਿ ਐਸਓਆਈ ਨੇ ਸਾਰੀਆਂ ਔਕੜਾਂ ਨੂੰ ਪਾਰ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ ਅਤੇ ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਵਿਚ ਐਨਐਸਯੂਆਈ ਦਾ ਚੌਥੇ ਸਥਾਨ ਉੱਤੇ ਆਉਣਾ ਦੱਸਦਾ ਹੈ ਕਿ ਨੌਜਵਾਨਾਂ ਦਾ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਇੰਚਾਰਜ ਯੁਵਕ) ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਸਾਨਦਾਰ ਜਿੱਤ ਲਈ ਐਸਓਆਈ ਨੂੰ ਵਧਾਈ ਦਿੱਤੀ। ਉਹਨਾਂ ਇਸ ਜਿੱਤ ਨੂੰ ਹਾਂ-ਪੱਖੀ ਅਤੇ ਅਰਥ-ਭਰਪੂਰ ਤਬਦੀਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਜੀਅ-ਤੋੜ ਕੋਸਿਸਾਂ ਦੇ ਬਾਵਜੂਦ ਇਹ ਆਪਸੀ ਸਾਂਝ ਦੀ ਜਿੱਤ ਹੈ। ਅਕਾਲੀ ਆਗੂ ਨੇ ਇਹ ਟਿੱਪਣੀਆਂ ਯੂਥ ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਐਸਓਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨਾਲ ਪੀਯੂ ਕੈਂਪਸ ਦਾ ਦੌਰਾ ਕਰਨ ਵੇਲੇ ਕੀਤੀਆਂ। ਇਸ ਦੌਰਾਨ ਸਟੂਡੈਂਟਸ ਸੈਂਟਰ ਵਿਖੇ ਸਰਦਾਰ ਮਜੀਠੀਆ ਦਾ ਸਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਅਕਾਲੀ ਆਗੂ ਨੇ ਨੌਜਵਾਨਾਂ ਦੇ ਮੁੱਦਿਆਂ ਉੱਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਐਸਓਆਈ ਨੂੰ ਇਸ ਵੱਡੀ ਜਿੱਤ ਲਈ ਵਧਾਈ ਦਿੱਤੀ।


author

Babita

Content Editor

Related News