ਮਾਲ ਮੰਤਰੀ ਸਰਕਾਰੀਆ ਵੱਲੋਂ ਮਾਲ ਕੇਸਾਂ ਦੇ ਜਲਦੀ ਨਿਪਟਾਰੇ ਦੇ ਹੁਕਮ
Wednesday, Oct 10, 2018 - 05:42 PM (IST)
ਚੰਡੀਗੜ੍ਹ : ਸੂਬੇ ਦੀਆਂ ਮਾਲ ਅਦਾਲਤਾਂ 'ਚ ਲੰਬਿਤ ਪਏ ਕੇਸਾਂ ਬਾਰੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕੇਸਾਂ ਦੇ ਨਿਰਧਾਰਤ ਸਮੇਂ 'ਚ ਨਿਪਟਾਰੇ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਇਕ ਤੋਂ ਦੋ ਸਾਲ ਪੁਰਾਣੇ ਕੇਸਾਂ ਸਬੰਧੀ ਮੈਰਿਟ ਦੇ ਆਧਾਰ 'ਤੇ ਤੁਰੰਤ ਫ਼ੈਸਲੇ ਕਰਨ ਦੀ ਹਦਾਇਤ ਕੀਤੀ ਹੈ, ਚਾਹੇ ਇਸ ਲਈ ਰੋਜ਼ਾਨਾ ਆਧਾਰ 'ਤੇ ਸੁਣਵਾਈ ਕਰਨੀ ਪਵੇ। ਮਾਲ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਲ ਅਦਾਲਤਾਂ 'ਚ ਲੰਬਿਤ ਪਏ ਕੇਸਾਂ ਬਾਰੇ 6 ਜੂਨ, 2017 ਤੋਂ 30 ਜੂਨ, 2018 ਤੱਕ ਇਕ ਸਾਲਾਨਾ ਰਿਪੋਰਟ ਤਿਆਰ ਕੀਤੀ ਗਈ ਹੈ।
ਸਰਕਾਰੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਾਲ ਅਦਾਲਤਾਂ 'ਚ ਕੇਸ ਸਮੇਂ ਸਿਰ ਨਿਬੇੜੇ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਨੇ ਹਰੇਕ ਪੱਧਰ ਦੀ ਮਾਲ ਅਦਾਲਤ 'ਚ ਲੰਬਿਤ ਪਏ ਖਾਸ ਤੌਰ 'ਤੇ ਖਸਰਾ ਗਿਰਦਾਵਰੀ ਨਾਲ ਸਬੰਧਤ ਕੇਸਾਂ ਨੂੰ 6 ਮਹੀਨਿਆਂ ਅੰਦਰ ਨਿਬੇੜਨ ਦੀ ਹਦਾਇਤ ਕੀਤੀ ਹੈ ਤਾਂ ਜੋ ਨਵੀਂ ਫਸਲ ਦੇ ਆਉਣ ਤੋਂ ਪਹਿਲਾਂ ਇਸ ਸਬੰਧੀ ਮਾਲ ਰਿਕਾਰਡ (ਗਿਰਦਾਵਰੀ) ਵਿੱਚ ਇੰਦਰਾਜ ਹੋ ਸਕੇ।