ਗਾਇਕ ਸੁੱਖ ਖਰੌੜ ਨੇ ਜ਼ਖਮੀ ਹੋਣ ਤੋਂ ਬਾਅਦ ਦੱਸਿਆ ਕਿਵੇਂ ਪੁਲਸ ਨੇ ਮਾਰੇ ਬਜ਼ੁਰਗਾਂ ਦੇ ਡੰਡੇ
Wednesday, Dec 09, 2020 - 07:31 PM (IST)
ਜਲੰਧਰ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗੀਤਕਾਰ ਤੇ ਗਾਇਕ ਸੁੱਖ ਖਰੌੜ (ਰੱਬ ਸੁੱਖ ਰੱਖੇ) ’ਤੇ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਸੁੱਖ ਖਰੌੜ ਦੀ ਅੱਖ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਸੁੱਖ ਖਰੌੜ ਚੰਡੀਗੜ੍ਹ ਵਿਖੇ ਸਾਥੀਆਂ ਨਾਲ ਕਿਸਾਨਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਸਨ ਤੇ ਉਥੇ ਸਥਿਤ ਬੀ. ਜੇ. ਪੀ. ਦਫਤਰ ਦਾ ਘਿਰਾਓ ਕਰਨ ਜਾ ਰਹੇ ਸਨ।
ਸੁੱਖ ਨੇ ਆਪਣੇ ਜ਼ਖਮੀ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕਰਕੇ ਦਿੱਤੀ। ਹੁਣ ਸੁੱਖ ਵਲੋਂ ਤਸਵੀਰ ਤੇ ਵੀਡੀਓਜ਼ ਸਾਂਝੀਆਂ ਕਰਕੇ ਉਥੋਂ ਦੀ ਸਥਿਤੀ ਬਿਆਨ ਕੀਤੀ ਗਈ ਕਿ ਕਿਵੇਂ ਪੁਲਸ ਵਲੋਂ ਬਜ਼ੁਰਗਾਂ ’ਤੇ ਵਾਟਰ ਕੈਨਨ ਦੇ ਨਾਲ-ਨਾਲ ਉਨ੍ਹਾਂ ਦੇ ਡੰਡੇ ਮਾਰੇ ਗਏ।
ਸੁੱਖ ਨੇ ਪਹਿਲੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਡੈਮੋਕ੍ਰੇਟਿਕ ਕੰਟਰੀ ਨਹੀਂ ਹੈ ਆਪਣੀ।’ ਇਸ ਵੀਡੀਓ ’ਚ ਸੁੱਖ ਪੁਲਸ ਵਲੋਂ ਕੀਤੇ ਲਾਠੀਚਾਰਜ ਨੂੰ ਦਿਖਾ ਰਹੇ ਹਨ ਤੇ ਵੀਡੀਓ ’ਚ ਲਿਖਿਆ ਹੈ, ‘ਚੱਲਦੇ ਪੀਸਫੁਲ ਪ੍ਰੋਟੈਸਟ ’ਚ ਵਾਟਰ ਕੈਨਨ ਮਾਰੇ, ਬਜ਼ੁਰਗਾਂ ਦੇ ਵੀ ਡੰਡੇ ਮਾਰ ਰਹੇ ਹੋ, ਸ਼ਰਮ ਆਉਣੀ ਚਾਹੀਦੀ।’
ਉਥੇ ਦੂਜੀ ਵੀਡੀਓ ਸਾਂਝੀ ਕਰਦਿਆਂ ਸੁੱਖ ਖਰੌੜ ਨੇ ਆਪਣੀ ਹਾਲਤ ਬਾਰੇ ਦੱਸਿਆ ਹੈ। ਸੁੱਖ ਨੇ ਲਿਖਿਆ, ‘ਮੈਂ ਠੀਕ ਹਾਂ, ਜਿਹੜੇ ਵੀ ਕੇਅਰ ਕਰਨ ਵਾਲੇ ਪੁੱਛ ਰਹੇ।’ ਇਸ ਵੀਡੀਓ ’ਚ ਸੁੱਖ ਸਟੇਜ ’ਤੇ ਖੜ੍ਹ ਕੇ ਭਾਸ਼ਣ ਦੇ ਰਹੇ ਹਨ।
ਇਨ੍ਹਾਂ ਵੀਡੀਓਜ਼ ਤੋਂ ਬਾਅਦ ਸੁੱਖ ਨੇ ਤਸਵੀਰ ਸਾਂਝੀ ਕੀਤੀ ਹੈ ਤੇ ਆਪਣੇ ਚਾਹੁਣ ਵਾਲਿਆਂ ਨੂੰ ਖਾਸ ਸੁਨੇਹਾ ਦਿੱਤਾ ਹੈ। ਸੁੱਖ ਨੇ ਲਿਖਿਆ, ‘ਅੱਜ ਮੇਰੀ ਅੱਖ ਨਹੀਂ ਖੁੱਲ੍ਹ ਰਹੀ ਪਰ ਕੱਲ ਬਥੇਰਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣਗੀਆਂ।’
ਦੱਸਣਯੋਗ ਹੈ ਕਿ ਸੁੱਖ ਖਰੌੜ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੱਕ ’ਚ ਪੋਸਟਾਂ ਸਾਂਝੀਆਂ ਕਰਦੇ ਆ ਰਹੇ ਹਨ। ਕਿਸਾਨਾਂ ਦੇ ਹੱਕ ’ਚ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਉਹ ਆਪਣੀ ਕਲਮ ਰਾਹੀਂ ਕਿਸਾਨਾਂ ਦਾ ਸਮਰਥਨ ਕਰਦਾ ਨਜ਼ਰ ਆ ਰਿਹਾ ਹੈ।
ਨੋਟ– ਸੁੱਖ ’ਤੇ ਪੁਲਸ ਵਲੋਂ ਕੀਤੇ ਲਾਠੀਚਾਰਜ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।