ਕਰਜ਼ੇ ਤੋਂ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Thursday, Jan 18, 2018 - 05:03 PM (IST)

ਕਰਜ਼ੇ ਤੋਂ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ


ਫਗਵਾੜਾ (ਹਰਜੋਤ) - ਪਿੰਡ ਭਾਣੌਕੀ ਵਿਖੇ ਇਕ (40 ਸਾਲਾ) ਕਰਜ਼ੇ ਤੋਂ ਸਤਾਏ ਕਿਸਾਨ ਨੇ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਦੀਪਾ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਭਾਣੌਕੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 7 ਕਨਾਲ ਜ਼ਮੀਨ ਹੈ, ਪਹਿਲਾਂ ਉਸ ਦੀ ਸੱਸ ਨੇ ਪਿੰਡ ਦੀ ਸੁਸਾਇਟੀ ਤੋਂ 2 ਲੱਖ ਦਾ ਕਰਜ਼ਾ ਲਿਆ ਸੀ, ਜਿਸ ਦੀ ਮੌਤ ਹੋ ਗਈ ਸੀ ਫਿਰ ਉਸ ਦੇ ਪਤੀ ਨੇ 2 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਜਿਸ ਦੀ ਵਿਆਜ ਸਮੇਤ ਰਾਸ਼ੀ ਹੁਣ ਤਕ ਕਰੀਬ 7 ਲੱਖ ਰੁਪਏ ਬਣ ਗਈ, ਜਿਸ ਤੋਂ ਉਸ ਦਾ ਪਤੀ ਸਖ਼ਤ ਪ੍ਰੇਸ਼ਾਨ ਸੀ। ਕੱਲ ਉਹ ਆਪਣੇ ਬੱਚਿਆਂ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਗਈ ਹੋਈ ਸੀ ਤੇ ਉਸਦਾ ਪਤੀ ਘਰ 'ਚ ਇਕੱਲਾ ਸੀ। ਅੱਜ ਸਵੇਰੇ ਜਦੋਂ ਉਹ ਘਰ ਆਏ ਤਾਂ ਉਸ ਦੇ ਪਤੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ।


Related News