ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਆਤਮ-ਹੱਤਿਆ
Tuesday, Oct 31, 2017 - 03:56 PM (IST)

ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਸਿਰਸੜੀ (ਰੇੜਵਾਂ) ਕੋਲ ਮਾਨਸਿਕ ਪ੍ਰੇਸ਼ਾਨੀ ਕਾਰਨ ਸਰਵਨ ਸਿੰਘ (47) ਨਿਵਾਸੀ ਪਿੰਡ ਭੋਪੇਵਾਲਾ (ਮੱਖੂ) ਵੱਲੋਂ ਦਰੱਖਤ ਨਾਲ ਲਟਕ ਕੇ ਆਤਮ-ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਬੇਟੇ ਸਰਵਨ ਸਿੰਘ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ, ਜਦਕਿ ਦੂਸਰੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ।
ਇਸ ਤੋਂ ਇਲਾਵਾ 20 ਦਿਨ ਪਹਿਲਾਂ ਹੀ ਮੇਰੇ ਵੱਡੇ ਬੇਟੇ ਦੀ ਮੌਤ ਹੋ ਗਈ ਸੀ, ਜਿਸ ਕਾਰਨ ਸਵਰਨ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਅਸੀਂ ਬੀਤੇ ਦਿਨੀਂ ਆਪਣੀ ਬੇਟੀ ਦੇ ਪਿੰਡ ਸਿਰਸੜੀ 'ਚ ਵਿਆਹ ਸਮਾਗਮ 'ਤੇ ਆਏ ਸੀ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਨੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ। ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।