ਪੀ. ਜੀ. ''ਚ ਰਹਿੰਦੇ ਵਿਦਿਆਰਥੀਆਂ ਦੇ ਵਧ ਰਹੇ ਸੁਸਾਈਡ ਕੇਸ

04/16/2018 5:14:35 AM

ਜਲੰਧਰ, (ਮਹੇਸ਼)- ਪੀ. ਜੀ. ਵਿਚ ਰਹਿੰਦੇ ਵਿਦਿਆਰਥੀਆਂ ਦੇ ਸੁਸਾਈਡ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। 5 ਦਿਨ ਪਹਿਲਾਂ ਪਾਰਕ ਐਵੇਨਿਊ ਦੀਪ ਨਗਰ ਵਿਚ ਪੀ. ਜੀ. ਵਿਚ ਰਹਿੰਦੇ ਐੱਲ. ਪੀ. ਯੂ. ਦੇ ਚੰਡੀਗੜ੍ਹ ਵਾਸੀ ਫਿਜ਼ਿਓਥੈਰੇਪਿਸਟ ਵਿਦਿਆਰਥੀ ਅਸੀਮਜੋਤ ਸਿੰਘ ਬਦੇਸ਼ਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਦੇ ਕਾਰਨਾਂ ਦਾ ਅਜੇ ਤੱਕ ਨਾ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲਗ ਸਕਿਆ ਅਤੇ ਨਾ ਹੀ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ। 
ਹਾਲਾਂਕਿ ਅਸੀਮਜੋਤ ਸਿੰਘ ਬਦੇਸ਼ਾ ਨੇ ਇਕ ਲਾਈਨ ਦੇ ਲਿਖੇ ਆਪਣੇ ਸੁਸਾਈਡ ਨੋਟ 'ਚ ਸਿਰਫ ਇੰਨਾ ਹੀ ਸਪੱਸ਼ਟ ਕੀਤਾ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਦਾਰ ਉਹ ਖੁਦ ਹੈ। ਅਸੀਮਜੋਤ ਤੋਂ ਪਹਿਲਾਂ ਵੀ ਹੋਰ ਥਾਵਾਂ 'ਤੇ ਪੀ. ਜੀ. ਵਿਚ ਰਹਿੰਦੇ ਕਈ ਵਿਦਿਆਰਥੀ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਖਤਮ ਕਰ ਚੁੱਕੇ ਹਨ। ਅਸੀਮ ਦੇ ਕੇਸ ਨੇ ਪੀ. ਜੀ. ਵਿਚ ਰਹਿਣ ਵਾਲੇ ਅਤੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਵਿਚ ਇਸ ਗੱਲ ਦਾ ਖੌਫ ਪੈਦਾ ਹੋ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਰੱਖ ਕੇ ਕਿਤੇ ਹਮੇਸ਼ਾ ਲਈ ਗੁਆ ਨਾ ਦੇਣ। 
ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ ਕਈ ਵਿਦਿਆਰਥੀ
ਘਰੋਂ ਦੂਰ ਰਹਿ ਕੇ ਕਈ ਬੱਚੇ ਮਾੜੀ ਸੰਗਤ ਦਾ ਵੀ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਘੱਟ ਲੱਗਦਾ ਹੈ ਅਤੇ ਨਸ਼ੇ ਆਦਿ ਦੀ ਦਲਦਲ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। 
ਪੀ. ਜੀ. 'ਚ ਵਿਦਿਆਰਥੀਆਂ ਨੂੰ ਰੱਖਣ ਸੰਬੰਧੀ ਪੁਲਸ ਨੂੰ ਨਹੀਂ ਦਿੱਤੀ ਜਾਂਦੀ ਜਾਣਕਾਰੀ
ਲੋਕਾਂ ਨੇ ਪੈਸਾ ਬਣਾਉਣ ਦੀ ਆੜ ਵਿਚ ਧੜਾਧੜ ਪੀ. ਜੀ. ਬਣਾਏ ਹੋਏ ਹਨ। ਪੀ. ਜੀ. ਦੀ ਸ਼ਰਨ ਜ਼ਿਆਦਾਤਰ ਵਿਦਿਆਰਥੀ ਵਰਗ ਹੀ ਲੈਂਦਾ ਹੈ। ਅਮੀਰ ਘਰਾਂ ਨਾਲ ਸੰਬੰਧਿਤ ਚੰਗੇ ਪੀ. ਜੀ. ਲਈ ਮੂੰਹ ਮੰਗੀ ਰਕਮ ਵੀ ਮਾਲਕਾਂ ਨੂੰ ਦੇ ਦਿੰਦੇ ਹਨ। ਪੀ. ਜੀ. ਵਾਲੇ ਪੁਲਸ ਨੂੰ ਪੀ. ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਦੇਣਾ ਇਸ ਲਈ ਮੁਨਾਸਿਬ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਦੀ ਸੋਚ ਰਹਿੰਦੀ ਹੈ ਕਿ ਜੇਕਰ ਪੁਲਸ ਨੂੰ ਦੱਸਿਆ ਤਾਂ ਪੂਰੀ ਵੈਰੀਫਿਕੇਸ਼ਨ ਜਾਰੀ ਹੋ ਜਾਵੇਗੀ ਤੇ ਜਦ ਤੱਕ ਇਹ ਨਹੀਂ ਹੁੰਦੀ ਤਾਂ ਉਹ ਕਿਸੇ ਨੂੰ ਵੀ ਪੀ. ਜੀ. ਵਿਚ ਨਹੀਂ ਰੱਖ ਸਕਦੇ।  
ਸਾਥੀ ਵਿਦਿਆਰਥੀਆਂ ਦਾ ਖੁਲਾਸਾ
ਅਸੀਮ ਦੇ ਸਾਥੀ ਵਿਦਿਆਰਥੀ ਸ਼ਿਮਲਾ ਦੇ ਸਾਹਿਲ ਤੇ ਗੰਗਾਨਗਰ ਦੇ ਰਾਹੁਲ ਨੇ ਪੁਲਸ ਨੂੰ ਕਿਹਾ ਕਿ ਅਸੀਮ ਕੁਝ ਸਮੇਂ ਤੋਂ ਪ੍ਰੇਸ਼ਾਨ ਜ਼ਰੂਰ ਰਹਿੰਦਾ ਸੀ ਪਰ ਇਸ ਸਬੰਧੀ ਕਿਸੇ ਨਾਲ ਗੱਲ ਨਹੀਂ ਕਰਦਾ ਸੀ।  ਕਈ ਵਾਰ ਘਰੋਂ ਆਏ ਪੈਸੇ ਫੀਸ ਲਈ ਜਮ੍ਹਾ ਨਾ ਕਰਵਾਉਣ ਕਾਰਨ ਵੀ ਪ੍ਰੇਸ਼ਾਨ ਹੋ ਜਾਂਦਾ ਸੀ। ਇਕ ਵਾਰ ਤਾਂ ਉਸ ਨੇ ਆਪਣਾ ਲੈਪਟਾਪ ਵੀ ਗਿਰਵੀ ਰੱਖ ਦਿੱਤਾ ਸੀ। ਫਿਰ ਉਸ ਨੇ ਟੂਰ 'ਤੇ ਜਾਣ ਦੀ ਗੱਲ ਕਰ ਕੇ ਘਰੋਂ ਹੋਰ ਪੈਸੇ ਮੰਗਵਾਏ ਤੇ ਗਿਰਵੀ ਰੱਖਿਆ ਹੋਇਆ ਲੈਪਟਾਪ ਵਾਪਸ ਲਿਆ। ਪਰਾਗਪੁਰ ਚੌਕੀ ਦੇ ਮੁਖੀ ਕਮਲਜੀਤ ਸਿੰਘ ਕਹਿੰਦੇ ਹਨ ਕਿ ਅਸੀਮ ਦੀ ਪੋਸਟਮਾਰਟਮ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਸ ਵਿਚ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।
ਕਮਿਸ਼ਨਰੇਟ ਪੁਲਸ ਹੋਵੇ ਗੰਭੀਰ
ਆਮ ਜਨਤਾ ਦੀ ਆਵਾਜ਼ ਹੈ ਕਿ ਪੀ. ਜੀ. ਵਿਚ ਰੱਖੇ ਜਾਂਦੇ ਵਿਦਿਆਰਥੀਆਂ ਸੰਬੰਧੀ ਕਮਿਸ਼ਨਰੇਟ ਪੁਲਸ ਨੂੰ ਗੰਭੀਰ ਹੋਣਾ ਪਵੇਗਾ। ਪੀ. ਜੀ. ਦੇ ਮਾਲਕਾਂ ਨੂੰ ਵਿਦਿਆਰਥੀਆਂ ਬਾਰੇ ਪੁਲਸ ਨੂੰ ਸੂਚਿਤ ਕਰਨ ਸਬੰਧੀ ਸਖਤ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਅਤੇ ਸੰਬੰਧਿਤ ਪੁਲਸ ਥਾਣਿਆਂ ਨੂੰ ਵੀ ਕਿਹਾ ਜਾਵੇ ਕਿ ਉਹ ਆਪਣੇ ਇਲਾਕਿਆਂ ਵਿਚ ਬਣੇ ਪੀ. ਜੀ. 'ਤੇ ਪੂਰੀ ਨਜ਼ਰ ਰੱਖਣ। ਸਮੇਂ-ਸਮੇਂ 'ਤੇ ਚੈਕਿੰਗ ਯਕੀਨੀ ਬਣਾਈ ਜਾਵੇ। 
ਦੂਜੇ ਸੂਬਿਆਂ ਦੇ ਹੁੰਦੇ ਹਨ ਵਿਦਿਆਰਥੀ
ਪੀ. ਜੀ. ਵਿਚ ਰਹਿੰਦੇ ਵਿਦਿਆਰਥੀ ਜ਼ਿਆਦਾਤਰ ਦੂਜੇ ਸੂਬਿਆਂ ਨਾਲ ਸੰਬੰਧਤ ਹੁੰਦੇ ਹਨ। ਉਹ ਉਚ ਸਿੱਖਿਆ ਹਾਸਲ ਕਰਨ ਲਈ ਜਲੰਧਰ ਜਿਹੇ ਕਈ ਪ੍ਰਮੁੱਖ ਸ਼ਹਿਰਾਂ ਵਿਚ ਰਹਿਣ ਲਈ ਪੀ. ਜੀ. ਦਾ ਸਹਾਰਾ ਲੈਂਦੇ ਹਨ। ਕਾਫੀ ਸਮੇਂ ਤੱਕ ਉਨ੍ਹਾਂ ਨੂੰ ਆਪਣੇ ਮਾਂ-ਬਾਪ ਅਤੇ ਭੈਣ-ਭਰਾਵਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਮਾਂ-ਬਾਪ ਵੀ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਘਰੋਂ ਜਾਣ ਲਈ ਨਹੀਂ ਰੋਕਦੇ। ਅਸੀਮ ਨਾਲ ਰਹਿੰਦੇ 2 ਹੋਰ ਵਿਦਿਆਰਥੀ ਰਾਹੁਲ ਤੇ ਸਾਹਿਲ ਵੀ ਗੰਗਾਨਗਰ ਤੇ ਸ਼ਿਮਲੇ ਨਾਲ ਸੰਬੰਧਿਤ ਸਨ। 
ਇਕਲੌਤੇ ਪੁੱਤਰ ਦੀ ਮੌਤ ਦੇ ਗਮ 'ਚ ਡੁੱਬੇ ਹੋਏ ਹਨ ਮਾਂ-ਬਾਪ
ਪੀ. ਜੀ. ਵਿਚ ਸੁਸਾਈਡ ਕਰਨ ਵਾਲੇ ਅਸੀਮ ਦੇ ਪਿਤਾ ਹਰਕੀਰਤ ਸਿੰਘ ਤੇ ਮਾਂ ਭੁਪਿੰਦਰ ਕੌਰ ਇਕਲੌਤੇ ਪੁੱਤਰ ਦੇ ਵਿਛੋੜੇ ਦੇ ਗਮ ਵਿਚ ਡੁੱਬੇ ਹੋਏ ਹਨ। ਅਸੀਮ ਦੇ ਪਿਤਾ ਕਹਿੰਦੇ ਹਨ ਕਿ ਉਹ ਸਮੇਂ-ਸਮੇਂ 'ਤੇ ਆਪਣੇ ਪੁੱਤਰ ਦੀ ਹਰ ਖੁਆਹਿਸ਼ ਪੂਰੀ ਕਰਦੇ ਸਨ। ਇਸ ਦੇ ਬਾਵਜੂਦ ਵੀ ਉਸ ਨੂੰ ਗੁਆ ਦਿੱਤਾ। ਹੁਣ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਗਲਤੀ ਇਹ ਰਹੀ ਹੈ ਕਿ ਉਨ੍ਹਾਂ ਨੇ ਅਸੀਮ ਨੂੰ ਆਪਣੇ ਤੋਂ ਦੂਰ ਜਲੰਧਰ ਵਿਚ ਪੜ੍ਹਾਈ ਕਰਨ ਲਈ ਭੇਜ ਦਿੱਤਾ। ਅਜਿਹਾ ਨਾ ਕਰਦੇ ਤਾਂ ਅੱਜ ਉਨ੍ਹਾਂ ਦਾ ਲਾਲ ਉਨ੍ਹਾਂ ਕੋਲ ਹੁੰਦਾ।


Related News