ਰੇਲ ਗੱਡੀ ਅੱਗੇ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਆਤਮ ਹੱਤਿਆ

02/23/2018 11:45:12 PM

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਸਵੇਰੇ ਕਰੀਬ 11 ਵਜੇ ਹੁਸ਼ਿਆਰਪੁਰ-ਜਲੰਧਰ ਰੇਲ ਟਰੈਕ 'ਤੇ ਨਸਰਾਲਾ ਤੇ ਕਠਾਰ ਰੇਲਵੇ ਸਟੇਸ਼ਨ ਦੇ ਵਿਚਕਾਰ ਇਕ ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਤਾਇਨਾਤ ਜੀ. ਆਰ. ਪੀ. ਚੌਕੀ ਦੇ ਇੰਚਾਰਜ ਮੰਗਤ ਅਲੀ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ (17) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਦਾਦੂਪੁਰ ਗਰੋਆ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। 
ਇੰਜੀਨੀਅਰਿੰਗ ਕਰ ਰਿਹਾ ਸੀ ਮ੍ਰਿਤਕ ਪ੍ਰਦੀਪ
ਮੌਕੇ 'ਤੇ ਜੀ. ਆਰ. ਪੀ. ਇੰਚਾਰਜ ਮੰਗਤ ਅਲੀ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਪਛਾਣ ਪੱਤਰ ਤੋਂ ਉਸਦੀ ਸ਼ਨਾਖ਼ਤ ਹੋ ਸਕੀ। ਮ੍ਰਿਤਕ ਪ੍ਰਦੀਪ ਸਿੰਘ ਹੁਸ਼ਿਆਰਪੁਰ ਦੇ ਪੰਡਿਤ ਜਗਤ ਰਾਮ ਬਹੁ ਤਕਨੀਕੀ ਕਾਲਜ 'ਚ ਡਿਪਲੋਮਾ ਕਰਦਾ ਸੀ। ਸੂਚਨਾ ਮਿਲਣ 'ਤੇ ਮ੍ਰਿਤਕ ਦਾ ਭਰਾ ਕੁਲਦੀਪ ਸਿੰਘ ਤੇ ਪਿਤਾ ਗੁਰਦੀਪ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਲਾਸ਼ ਦੀ ਪਛਾਣ ਕੀਤੀ। 
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਤੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪ੍ਰਦੀਪ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਉਸਤੋਂ ਬਾਅਦ ਉਹ ਗੁੰਮਸੁੰਮ ਰਹਿਣ ਲੱਗਾ ਸੀ। ਇਸੇ ਮਾਨਸਿਕ ਤਣਾਅ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੀ ਕਾਰਵਾਈ ਕੀਤੀ ਹੈ।


Related News