''ਮਿੰਨੀ ਕੇਜਰੀਵਾਲ'' ਵੱਲੋਂ ਆਤਮਦਾਹ ਦੀ ਕੋਸ਼ਿਸ਼
Friday, Dec 22, 2017 - 01:20 AM (IST)
ਤਪਾ ਮੰਡੀ, (ਮਾਰਕੰਡਾ)- ਲੰਘੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਦਿਨ-ਰਾਤ ਇਕ ਕਰਨ ਵਾਲੇ ਅਣਥੱਕ ਵਰਕਰ ਤੇ 'ਮਿੰਨੀ ਕੇਜਰੀਵਾਲ' ਵਜੋਂ ਜਾਣੇ ਜਾਂਦੇ ਸੋਹਣ ਲਾਲ ਨੂੰ ਅੱਜ ਲੋਕਾਂ ਨੇ ਉਸ ਵੇਲੇ ਆਤਮਦਾਹ ਕਰਨ ਤੋਂ ਰੋਕਿਆ, ਜਦੋਂ ਉਨ੍ਹਾਂ ਆਪਣੇ 'ਤੇ ਪੈਟਰੋਲ ਛਿੜਕ ਲਿਆ। ਵਾਲਮੀਕਿ ਚੌਕ 'ਚ ਜਿਵੇਂ ਹੀ ਉਹ ਆਪਣੇ 'ਤੇ ਪੈਟਰੋਲ ਪਾ ਰਹੇ ਸੀ ਤਾਂ ਨੇੜਲੇ ਦੁਕਾਨਦਾਰਾਂ ਨੇ ਦੇਖਦਿਆਂ ਹੀ ਉਨ੍ਹਾਂ ਤੋਂ ਪੈਟਰੋਲ ਦੀ ਬੋਤਲ ਖੋਹ ਲਈ, ਜਿਸ ਉਪਰੰਤ ਉਹ ਰੋ ਪਏ ਤੇ ਆਪਣੀ ਪਾਰਟੀ, ਪਰਿਵਾਰਕ ਮੈਂਬਰਾਂ ਤੇ ਪੁਲਸ ਅਧਿਕਾਰੀਆਂ (ਜਿਨ੍ਹਾਂ ਦੀ ਬਦਲੀ ਹੋ ਚੁੱਕੀ ਹੈ) ਦੀ ਜਮ ਕੇ ਨਿਖੇਧੀ ਕੀਤੀ।
ਪੁਲਸ ਨੇ ਨਹੀਂ ਲਈ ਸਾਰ :ਲੋਕਾਂ ਨੇ ਉਨ੍ਹਾਂ ਦੀ ਸਾਰੀ ਕਹਾਣੀ ਸੁਣ ਕੇ ਕਿਹਾ ਕਿ ਉਹ ਅੱਗੇ ਤੋਂ ਅਜਿਹਾ ਕਦਮ ਨਾ ਚੁੱਕਣ। ਉਹ ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਨਾਲ ਗੱਲ ਕਰ ਕੇ ਮਸਲੇ ਦਾ ਕੋਈ ਹੱਲ ਕੱਢਣਗੇ। ਇਹ ਘਟਨਾਕ੍ਰਮ 3 ਘੰਟੇ ਚੱਲਦਾ ਰਿਹਾ ਪਰ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਉਥੇ ਆ ਕੇ ਪੁੱਛਗਿੱਛ ਨਹੀਂ ਕੀਤੀ। ਇਸ ਸੰਬੰਧੀ ਜਦੋਂ ਮਿੰਨੀ ਕੇਜਰੀਵਾਲ ਦੇ ਵੱਡੇ ਪੁੱਤਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਦਿਮਾਗੀ ਤੌਰ 'ਤੇ ਠੀਕ ਨਹੀਂ ਹਨ, ਜਿਸ ਬਾਰੇ ਸਾਰੀ ਮੰਡੀ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਸਾਨੂੰ ਬੇਦਖ਼ਲ ਕਰ ਦਿੱਤਾ ਸੀ, ਜਿਸ ਦੇ ਸਬੂਤ ਉਨ੍ਹਾਂ ਕੋਲ ਹਨ ਤੇ ਹੁਣ ਸਾਡਾ ਪਿਤਾ ਸਾਨੂੰ ਕੰਮ ਨਹੀਂ ਕਰਨ ਦੇ ਰਿਹਾ। ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਉਨ੍ਹਾਂ ਦੇ ਫੋਨ 'ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਕਿਸੇ ਸਹਾਇਕ ਨੇ ਫੋਨ ਤਾਂ ਚੁੱਕਿਆ ਪਰ ਗੱਲ ਨਹੀਂ ਕਰਵਾਈ।
