ਗੁੰਜਨ ਨੇ ਸਹੁਰਿਆਂ ਤੋਂ ਤੰਗ ਆ ਕੇ ਲਿਆ ਸੀ ਫਾਹ
Sunday, Jul 29, 2018 - 03:37 AM (IST)
ਦੋਰਾਹਾ(ਜ. ਬ.)-ਬੀਤੇ ਦਿਨੀਂ ਦੋਰਾਹਾ ਦੇ ਵਾਰਡ ਨੰ. 8 ਸੁੰਦਰ ਨਗਰ ’ਚ ਇਕ ਵਿਆਹੁਤਾ ਗੁੰਜਨ ਦੇਵੀ ਨੇ ਪੱਖੇ ਨਾਲ ਫਾਹ ਲੈ ਕੇ ਆਤਮਹੱਤਿਆ ਕਰ ਲਈ ਸੀ ਪਰ ਮ੍ਰਿਤਕਾ ਵੱਲੋਂ ਆਤਮਹੱਤਿਆ ਕਰ ਲਏ ਜਾਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਸੀ। ਦੋਰਾਹਾ ਪੁਲਸ ਪਾਸ ਦਰਜ ਕਰਵਾਏ ਆਪਣੇ ਬਿਆਨਾਂ ’ਚ ਮ੍ਰਿਤਕਾ ਦੀ ਮਾਤਾ ਦੁਰਗਾਵਤੀ ਦੇਵੀ ਪਤਨੀ ਰਮਾਕਾਂਤ ਵਾਸੀ ਮੇਧਨੀ ਚੱਕ ਗਾਜੀਪੁਰ ਯੂ. ਪੀ. ਨੇ ਦੱਸਿਆ ਕਿ ਉਸਦੀ ਲਡ਼ਕੀ ਗੁੰਜਨ ਦੇਵੀ ਦੀ ਸ਼ਾਦੀ ਕਰੀਬ ਸੱਤ ਸਾਲ ਪਹਿਲਾਂ ਬਾਲ ਕ੍ਰਿਸ਼ਨ ਪੁੱਤਰ ਅਸ਼ੋਕ ਕੁਮਾਰ ਵਾਸੀ ਦੋਰਾਹਾ ਨਾਲ ਹੋਈ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਮ੍ਰਿਤਕਾ ਦਾ ਪਤੀ ਬਾਲ ਕ੍ਰਿਸ਼ਨ, ਸੱਸ ਮਾਲਤੀ ਦੇਵੀ ਅਤੇ ਸਹੁਰਾ ਅਸ਼ੋਕ ਕੁਮਾਰ ਇਕੱਠੇ ਇਕ ਹੀ ਮਕਾਨ ’ਚ ਰਹਿੰਦੇ ਸਨ ਅਤੇ ਗੁੰਜਨ ਦੇਵੀ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਨਾ ਹੀ ਮ੍ਰਿਤਕਾ ਨੂੰ ਸਾਡੇ ਨਾਲ ਗੱਲਬਾਤ ਕਰਨ ਜਾਂ ਮਿਲਣ ਵੀ ਨਹੀਂ ਦਿੰਦੇ ਸਨ। ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕਾ ਦੇ ਛੋਟੇ-ਛੋਟੇ ਬੱਚੇ ਹੋਣ ਦੇ ਬਾਵਜੂਦ ਵੀ ਉਸਨੂੰ ਫੈਕਟਰੀ ’ਚ ਕੰਮ ’ਤੇ ਲਗਾਇਆ ਹੋਇਆ ਸੀ, ਕਿਉਂਕਿ ਉਸਦਾ ਪਤੀ ਉਸਨੂੰ ਖਰਚਾ ਵੀ ਨਹੀਂ ਦਿੰਦਾ ਸੀ, ਜਿਸ ਕਾਰਨ ਗੁੰਜਨ ਦੇਵੀ ਅਕਸਰ ਇਨ੍ਹਾਂ ਪਾਸੋਂ ਪ੍ਰੇਸ਼ਾਨ ਰਹਿੰਦੀ ਸੀ। 23 ਜੁਲਾਈ 2018 ਨੂੰ ਮ੍ਰਿਤਕਾ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸਦਾ ਪਤੀ ਅਤੇ ਸੱਸ-ਸਹੁਰਾ ਉਸਨੂੰ ਗੱਲ-ਗੱਲ ’ਤੇ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗੇ ਹਨ ਅਤੇ ਹੁਣ ਉਹ ਇਨ੍ਹਾਂ ਪਾਸੋਂ ਪੂਰੀ ਤੰਗ ਆ ਚੁੱਕੀ ਹੈ ਅਤੇ ਸਾਡੇ ਵੱਲੋਂ ਸਮਝਾਉਣ ਦੇ ਬਾਵਜੂਦ ਵੀ ਗੁੰਜਨ ਦੇਵੀ ਨੇ ਪਤੀ ਅਤੇ ਸੱਸ-ਸਹੁਰੇ ਤੋਂ ਤੰਗ ਆ ਕੇ 24 ਜੁਲਾਈ 2018 ਨੂੰ ਘਰ ’ਚ ਪੱਖੇ ਨਾਲ ਫਾਹ ਲੈ ਕੇ ਆਤਮਹੱਤਿਆ ਕਰ ਲਈ। ਦੋਰਾਹਾ ਪੁਲਸ ਦੇ ਏ. ਐੱਸ. ਆਈ. ਬਰਜਿੰਦਰ ਸਿੰਘ ਵੱਲੋਂ ਦੁਰਗਾਵਤੀ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।
