ਗੇਟਸ ਕੰਪਨੀ ਦੇ ਸੀਨੀਅਰ ਬਰਾਂਚ ਮੈਨੇਜਰ ਨੇ ਕੀਤੀ ਖੁਦਕੁਸ਼ੀ
Saturday, Jul 21, 2018 - 08:03 AM (IST)

ਜਲੰਧਰ, (ਮਹੇਸ਼)— ਅਰਮਾਨ ਨਗਰ (ਰਾਮਾ ਮੰਡੀ) ਵਿਚ ਤਿੰਨ ਸਾਲ ਦੀ ਬੇਟੀ ਤੇ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਗੇਟਸ ਕੰਪਨੀ ਦੇ ਸੀਨੀਅਰ ਬਰਾਂਚ ਮੈਨੇਜਰ ਰੋਹਿਤ ਕੁਮਾਰ (37) ਪੁੱਤਰ ਵਿਜੇ ਕੁਮਾਰ ਨੇ ਡੇਢ ਮਹੀਨੇ ਤੋਂ ਕੰਪਨੀ ਵਲੋਂ ਤਨਖਾਹ ਨਾ ਦਿੱਤੇ ਜਾਣ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਇਕ ਘੰਟਾ ਪਹਿਲਾਂ ਉਸਨੇ ਅੱਜ ਸਵੇਰੇ ਹੀ ਆਪਣੇ ਪੇਕੇ ਜਲੰਧਰ ਕੈਂਟ ਗਈ ਪਤਨੀ ਪ੍ਰਿਯੰਕਾ ਨਾਲ ਵੀ ਫੋਨ ’ਤੇ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਇਹ ਉਸ ਨਾਲ ਉਸ ਦੀ ਅੰਤਿਮ ਗੱਲ ਹੋ ਰਹੀ ਹੈ। ਇਸ ਤੋਂ ਬਾਅਦ ਉਹ ਆਪਣੀ ਜੀਵਨ ਲੀਲਾ ਖਤਮ ਕਰ ਲਵੇਗਾ। ਰੋਹਿਤ ਦੀ ਗੱਲ ਸੁਣਨ ਤੋਂ ਬਾਅਦ ਤੁਰੰਤ ਘਰ ਪਹੁੰਚੀ ਪਤਨੀ ਪ੍ਰਿਯੰਕਾ, ਸਾਲੀ ਨੈਂਸੀ ਅਤੇ ਸਾਲੇ ਮੋਹਿਤ ਨੇ ਦੇਖਿਆ ਕਿ ਰੋਹਿਤ ਨੇ ਕਮਰੇ ਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ। ਖਿੜਕੀ ਰਾਹੀਂ ਦੇਖਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਹੇਠਾਂ ਕੁਰਸੀ ਰੱਖੀ ਹੋਈ ਸੀ। ਮ੍ਰਿਤਕ ਦਾ ਸਾਂਢੂ ਮਨੀਸ਼ ਕੁਮਾਰ ਵੀ ਰੋਹਿਤ ਦੇ ਘਰ ਤੋਂ ਕੁਝ ਦੂਰੀ ’ਤੇ ਗਣੇਸ਼ ਨਗਰ ਵਿਚ ਰਹਿੰਦਾ ਹੈ।
ਸੁਸਾਈਡ ਨੋਟ ਵਿਚ ਕੰਪਨੀ ਅਧਿਕਾਰੀ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ
ਰੋਹਿਤ ਕੁਮਾਰ ਨੇ ਆਪਣੇ ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਜ਼ਿੰਮੇਵਾਰ ਨਲਿਨ ਤਾਇਲ ਨੂੰ ਦੱਸਿਆ। ਉਸਨੇ ਲਿਖਿਆ ਕਿ ਉਹ ਡੇਢ ਮਹੀਨੇ ਤੋਂ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਸਦੀ ਤਨਖਾਹ 35 ਹਜ਼ਾਰ ਦੇ ਕਰੀਬ ਲਾਈ ਗਈ ਸੀ ਜੋ ਉਸਨੂੰ ਨਹੀਂ ਦਿੱਤੀ ਜਾ ਰਹੀ ਹੈ। ਇਸ ਕਾਰਨ ਉਹ ਆਰਥਿਕ ਤੌਰ ’ਤੇ ਕਾਫੀ ਤੰਗ ਹੋ ਗਿਆ ਸੀ। ਮੌਤ ਤੋਂ ਇਲਾਵਾ ਉਸ ਕੋਲ ਕੋਈ ਦੂਜਾ ਹੱਲ ਨਹੀਂ ਸੀ। ਉਸਨੇ ਕਿਹਾ ਕਿ ਉਸਦੀ ਮੌਤ ਪਿੱਛੇ ਉਸਦੀ ਪਤਨੀ ਪ੍ਰਿਯੰਕਾ ਦਾ ਕੋਈ ਕਸੂਰ ਨਹੀਂ ਹੈ ਤੇ ਨਾ ਹੀ ਉਸਦੇ ਸਹੁਰੇ ਪਰਿਵਾਰ ਦਾ ਕੋਈ ਲੈਣਾ ਦੇਣਾ ਹੈ। ਉਸਨੇ ਲਿਖਿਆ ਕਿ ਨਲਿਨ ਜਿਹੇ ਧੋਖੇਬਾਜ਼ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਸਨੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਸ ਜਿਹੇ ਕਈ ਪੜ੍ਹੇ-ਲਿਖੇ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਜਾਣਗੇ। ਮੈਂ ਤਾਂ ਜਾ ਰਿਹਾ ਹਾਂ ਪਰ ਬਾਕੀਆਂ ਨੂੰ ਨਲਿਨ ਜਿਹੇ ਵਿਅਕਤੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਹੋਵੇਗਾ।
ਮੰਮੀ ਨੂੰ ਤੰਗ ਨਹੀਂ ਕਰਨਾ ਸਵੀਟ ਕੁੱਕੂ
ਮ੍ਰਿਤਕ ਰੋਹਿਤ ਨੇ ਆਪਣੇ ਸੁਸਾਈਡ ਨੋਟ ਵਿਚ ਆਪਣੀ ਨੰਨ੍ਹੀ ਬੇਟੀ ਰੁਹਾਨਿਕਾ (ਕੁੱਕੂ) ਦੇ ਨਾਂ ਲਿਖੇ ਇਕ ਮੈਸੇਜ ਵਿਚ ਕਿਹਾ ਹੈ ਕਿ ਕੁੱਕੂ ਮੇਰੀ ਸਵੀਟ ਜਾਨ ਤੇਰੇ ਪਾਪਾ ਇਕ ਚੰਗੇ ਪਾਪਾ ਨਹੀਂ ਬਣ ਸਕੇ। ਹੁਣ ਪਾਪਾ ਤੈਨੂੰ ਛੱਡ ਕੇ ਜਾ ਰਹੇ ਹਨ। ਉਨ੍ਹਾਂ ਨੂੰ ਮੁਆਫ ਕਰ ਦੇਵੀਂ। ਨਾਲ ਹੀ ਰੋਹਿਤ ਨੇ ਲਿਖਿਆ ਹੈ ਕਿ ਕੁੱਕੂ ਆਪਣੇ ਮੰਮੀ ਨੂੰ ਕਦੇ ਤੰਗ ਨਾ ਕਰਨਾ। ਉਸਦਾ ਹਰ ਕਿਹਾ ਮੰਨਣਾ।
ਪਤੀ-ਪਤਨੀ ਇਕ-ਦੂਜੇ ਦੀ ਕਰਦੇ ਸਨ ਫਿਕਰ
ਰੋਹਿਤ ਤੇ ਉਸਦੀ ਪਤਨੀ ਪ੍ਰਿਯੰਕਾ ਵਿਚਾਲੇ ਘਰ ਦੀ ਆਰਥਕ ਹਾਲਤ ਸਹੀ ਨਾ ਹੋਣ ਕਾਰਨ ਮਾਮੂਲੀ ਝਗੜਾ ਤਾਂ ਹੋ ਜਾਂਦਾ ਸੀ ਪਰ ਦੋਵਾਂ ਵਿਚ ਪਿਆਰ ਇੰਨਾ ਸੀ ਕਿ ਉਹ ਇਕ-ਦੂਜੇ ਬਿਨਾਂ ਰਹਿ ਨਹੀਂ ਸਕਦੇ ਸਨ। ਬੇਟੀ ਕੁੱਕੂ ਦੇ ਨਾਲ ਦੋਵੇਂ ਬੇਹੱਦ ਖੁਸ਼ ਸਨ। ਜੇਕਰ ਰੋਹਿਤ ਨੂੰ ਘਰ ਆਉਣ ਵਿਚ ਦੇਰ ਹੋ ਜਾਂਦੀ ਤਾਂ ਪ੍ਰਿਯੰਕਾ ਦੀ ਬੇਚੈਨੀ ਵਧ ਜਾਂਦੀ ਸੀ ਤੇ ਜੇਕਰ ਪ੍ਰਿਯੰਕਾ ਪੇਕੇ ਜਾ ਕੇ ਕੁਝ ਸਮਾਂ ਜ਼ਿਆਦਾ ਲਾ ਦਿੰਦੀ ਤਾਂ ਰੋਹਿਤ ਉਸਨੂੰ ਤੁਰੰਤ ਲੈਣ ਲਈ ਪਹੁੰਚ ਜਾਂਦਾ ਸੀ।
ਨਲਿਨ ਦੇ ਖਿਲਾਫ ਕੇਸ ਦਰਜ
ਮਾਮਲੇ ਦੀ ਜਾਂਚ ਕਰ ਰਹੇ ਨੰਗਲਸ਼ਾਮਾ ਪੁਲਸ ਚੌਕੀ (ਥਾਣਾ ਰਾਮਾਮੰਡੀ) ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਰੋਹਿਤ ਦੇ ਸੁਸਾਈਡ ਨੋਟ ਵਿਚ ਦੋਸ਼ੀ ਠਹਿਰਾਏ ਗਏ ਗੇਟਸ ਕੰਪਨੀ ਦੇ ਅਧਿਕਾਰੀ ਨਲਿਨ ਤਾਇਲ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਉਸਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਉਸਦੀ ਭਾਲ ਕਰ ਰਹੀ ਹੈ।
ਮ੍ਰਿਤਕ ਦੇ ਪਿਤਾ ਅੰਮ੍ਰਿਤਸਰ ’ਚ ਕਾਰੋਬਾਰੀ
ਮ੍ਰਿਤਕ ਰੋਹਿਤ ਦੇ ਪਿਤਾ ਅੰਮ੍ਰਿਤਸਰ ਵਿਚ ਕਾਰੋਬਾਰੀ ਹਨ। ਰੋਹਿਤ ਦਾ ਜਨਮ ਅੰਮ੍ਰਿਤਸਰ ਵਿਚ ਹੀ ਹੋਇਆ। ਕਰੀਬ 5 ਸਾਲ ਪਹਿਲਾਂ ਉਸਦਾ ਵਿਆਹ ਪ੍ਰਿਯੰਕਾ ਨਾਲ ਹੋਇਆ, ਜਿਸ ਤੋਂ ਬਾਅਦ ਉਹ ਜਲੰਧਰ ਆ ਕੇ ਰਹਿਣ ਲੱਗੇ। ਪਹਿਲਾਂ ਉਹ ਮੋਹਨ ਵਿਹਾਰ ਲੱਧੇਵਾਲੀ ਵਿਚ ਰਹਿੰਦੇ ਸਨ। 5-6 ਮਹੀਨਿਆਂ ਤੋਂ ਉਹ ਅਰਮਾਨ ਨਗਰ ਵਿਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ।
ਰੋਹਿਤ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਭਰਾ, ਭੈਣ ਤੇ ਪਾਪਾ ਜਲੰਧਰ ਪਹੁੰਚੇ
ਰੋਹਿਤ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਉਸਦੇ ਪਾਪਾ ਵਿਜੇ ਕੁਮਾਰ, ਭੈਣ ਰਿਤੀ ਤੇ ਭਰਾ ਰਾਹੁਲ ਵੀ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਗਏ। ਪੁਲਸ ਦੀ ਮੌਜੂਦਗੀ ਵਿਚ ਉਨ੍ਹਾਂ ਵੀ ਰੋਹਿਤ ਦੇ ਸੁਸਾਈਡ ਨੋਟ ਨੂੰ ਪੜ੍ਹਿਆ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਨ੍ਹਾਂ ਕਿਸੇ ’ਤੇ ਕੋਈ ਸ਼ੱਕ ਜ਼ਾਹਿਰ ਨਹੀਂ ਕੀਤਾ। ਲਾਸ਼ ਵੇਖ ਕੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ।
ਅੱਜ ਹੋਵੇਗਾ ਪੋਸਟਮਾਰਟਮ
ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਵੀਰਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।