ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਸ਼ੱਕੀ ਮੌਤ, ਪੁਲਸ ਕੇਸ ਦਬਾਉਣ ''ਚ ਲੱਗੀ

Thursday, Jun 28, 2018 - 04:51 AM (IST)

ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਸ਼ੱਕੀ ਮੌਤ, ਪੁਲਸ ਕੇਸ ਦਬਾਉਣ ''ਚ ਲੱਗੀ

ਲੁਧਿਆਣਾ(ਮਹੇਸ਼)-ਟਿੱਬਾ ਰੋਡ 'ਤੇ ਜੁੱਤੀਆਂ ਦਾ ਕਾਰੋਬਾਰ ਕਰਨ ਵਾਲੇ 38 ਸਾਲਾ ਇਕ ਦੁਕਾਨਦਾਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਸ ਦੀ ਮੌਤ ਕੁਦਰਤੀ ਹੋਈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ, ਇਸ ਗੱਲ ਨੂੰ ਲੈ ਕੇ ਸਥਿਤੀ ਸ਼ੱਕੀ ਬਣੀ ਹੋਈ ਹੈ। ਇਲਾਕੇ ਵਿਚ ਚਰਚਾ ਹੈ ਕਿ ਉਸ ਨੇ ਬੁੱਧਵਾਰ ਦੁਪਹਿਰ ਨੂੰ ਆਪਣੀ ਦੁਕਾਨ ਵਿਚ ਫਾਹ ਲਾ ਕੇ ਖੁਦਕੁਸ਼ੀ ਕੀਤੀ ਹੈ। ਉਸ ਕੋਲੋਂ ਲਿਖਿਆ ਹੋਇਆ ਇਕ ਕਾਗਜ਼ ਵੀ ਮਿਲਿਆ ਸੀ। ਉਹ ਪਿਛਲੇ ਕੁੱਝ ਸਮੇਂ ਤੋਂ ਭਾਰੀ ਮਾਨਸਿਕ ਦਬਾਅ ਵਿਚ ਸੀ, ਜਦੋਂਕਿ ਪੁਲਸ ਅਤੇ ਪਰਿਵਾਰ ਦੇ ਕੁੱਝ ਲੋਕ ਕੇਸ ਨੂੰ ਦਬਾਉਣ ਵਿਚ ਲੱਗੇ ਹੋਏ ਹਨ। ਮ੍ਰਿਤਕ ਇਕ ਅਸਰ-ਰਸੂਖ ਵਾਲੇ ਵਿਧਾਇਕ ਦਾ ਨੇੜਲਾ ਰਿਸ਼ਤੇਦਾਰ ਸੀ, ਜਿਸ ਕਾਰਨ ਕੇਸ ਨੂੰ ਇੰਨਾ ਗੁਪਤ ਰੱਖਿਆ ਗਿਆ ਕਿ ਇਸ ਦੀ ਖ਼ਬਰ ਮੀਡੀਆ ਨੂੰ ਨਹੀਂ ਲੱਗਣ ਦਿੱਤੀ। ਇੰਨਾ ਹੀ ਨਹੀਂ, ਲਾਸ਼ ਨੂੰ ਸ਼ਹਿਰ ਦੇ ਇਕ ਵੱਡੇ ਹਸਪਤਾਲ ਤੋਂ ਲਿਆਂਦਾ ਗਿਆ ਤੇ ਜਲਦਬਾਜ਼ੀ ਵਿਚ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ। ਪੁਲਸ ਨੇ ਵੀ ਇਸ ਕੇਸ ਵਿਚ ਰਹੱਸਮਈ ਚੁੱਪ ਸਾਧ ਰੱਖੀ ਹੈ। ਇਸ ਸਬੰਧੀ ਜਦੋਂ ਏ. ਸੀ. ਪੀ. ਈਸਟ ਚੌਧਰੀ ਪਵਨਜੀਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੋਲ ਨਾ ਤਾਂ ਕੋਈ ਸ਼ਿਕਾਇਤ ਆਈ ਹੈ ਅਤੇ ਨਾ ਹੀ ਕਿਸੇ ਹਸਪਤਾਲ ਤੋਂ ਅਜਿਹੀ ਸੂਚਨਾ ਆਈ ਹੈ, ਜਦੋਂਕਿ ਕਾਨੂੰਨੀ ਮਾਹਿਰਾਂ ਦੀ ਮੰਨੀਏ ਤਾਂ ਮ੍ਰਿਤਕ ਦੇ ਪਰਿਵਾਰ ਵਾਲੇ ਕਾਨੂੰਨੀ ਪੰਜੇ ਵਿਚ ਫਸ ਸਕਦੇ ਹਨ।


Related News