ਫੌਜੀ ਨੇ  ਡਿਊਟੀ ਦੌਰਾਨ ਖੁਦ ਨੂੰ ਮਾਰੀ ਗੋਲੀ

03/25/2018 4:05:29 AM

ਸੁਸਾਈਡ ਨੋਟ 'ਚ ਲਿਖਿਆ : ਮੈਂ ਤੇਰੇ ਤੋਂ ਬਗੈਰ ਜੀਅ ਨਹੀਂ ਸਕਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ,  ਮੰਮੀ-ਡੈਡੀ ਮੈਨੂੰ ਮੁਆਫ ਕਰਨਾ
ਬਠਿੰਡਾ(ਵਰਮਾ)-ਭਾਰਤੀ ਫੌਜ 'ਚ ਸਰਵਿਸ ਕਰਦੇ ਜਵਾਨ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਇਹ ਘਟਨਾ ਸਵੇਰੇ 4 ਵਜੇ ਤੋਂ ਬਾਅਦ ਦੀ ਹੈ। ਉਕਤ ਜਵਾਨ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਤਰੀ ਦੀ ਡਿਊਟੀ 'ਤੇ ਤਾਇਨਾਤ ਸੀ ਜਦਕਿ ਲਗਭਗ 5:30 ਵਜੇ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਮਿਲੀ। ਬਰੇਲੀ ਵਾਸੀ 24 ਸਾਲਾ ਅਮਿਤ ਕੁਮਾਰ ਗੁਪਤਾ ਜੋ ਅਣ-ਵਿਆਹਿਆ ਸੀ ਤੇ ਬਠਿੰਡਾ ਛਾਉਣੀ 'ਚ 70 ਇੰਜੀਨੀਅਰ ਰੈਜੀਮੈਂਟ ਵਿਚ ਤਾਇਨਾਤ ਸੀ। ਸ਼ੁੱਕਰਵਾਰ ਰਾਤ ਨੂੰ ਮ੍ਰਿਤਕ ਦੀ 2 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਡਿਊਟੀ ਸੀ ਅਤੇ ਡਿਊਟੀ ਛੱਡਣ ਤੋਂ ਪਹਿਲਾਂ ਆਪਣੇ ਸਾਥੀ ਕਰਮਚਾਰੀ ਨੂੰ ਉਠਾ ਕੇ ਡਿਊਟੀ ਸੌਂਪਣਾ ਜ਼ਰੂਰੀ ਹੁੰਦਾ ਹੈ। 5:30 ਵਜੇ ਤੱਕ ਜਦੋਂ ਅਮਿਤ ਕੁਮਾਰ ਡਿਊਟੀ ਤੋਂ ਨਹੀਂ ਆਇਆ ਤਾਂ ਬੈਰਕ 'ਚ ਤਾਇਨਾਤ ਹੋਰ ਫੌਜੀ ਅਮਿਤ ਕੁਮਾਰ ਕੋਲ ਪਹੁੰਚੇ ਤਾਂ ਉਹ ਖੂਨ ਨਾਲ ਲਥਪਥ ਫਰਸ਼ 'ਤੇ ਡਿੱਗਿਆ ਹੋਇਆ ਸੀ ਤੇ ਉਸਦੀ ਛਾਤੀ 'ਚ ਗੋਲੀ ਲੱਗੀ ਸੀ। ਉਥੇ ਮੌਜੂਦ ਫੌਜੀਆਂ ਨੇ ਇਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਅਤੇ ਉਸਨੂੰ ਤੁਰੰਤ ਮਿਲਟਰੀ ਹਸਪਤਾਲ ਪਹੁੰਚਾਇਆ, ਜਿਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਕੈਂਟ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ। ਥਾਣਾ ਕੈਂਟ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਫੌਜੀ ਨੇ ਕੁਰਸੀ 'ਤੇ ਬੈਠੇ ਹੀ ਛਾਤੀ ਵਿਚ ਗੋਲੀ ਮਾਰੀ ਅਤੇ ਗੋਲੀ ਉਸਦੀ ਪਿੱਠ ਨੂੰ ਪਾਰ ਕਰਦੀ ਹੋਈ ਨਿਕਲ ਗਈ ਜੋ ਅੱਗੇ ਖਿੜਕੀ 'ਚ ਜਾ ਵੱਜੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਉਸਦੀ ਲਿਖੀ ਡਾਇਰੀ ਮਿਲੀ, ਜਿਸ 'ਚ ਲਿਖਿਆ ਸੀ ਮੈਂ ਤੇਰੇ ਤੋਂ ਬਗੈਰ ਜੀਅ ਨਹੀਂ ਸਕਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਮੰਮੀ-ਡੈਡੀ ਮੈਨੂੰ ਮੁਆਫ ਕਰਨਾ ਅਜਿਹੇ ਸ਼ਬਦ ਲਿਖੇ ਹੋਏ ਸੀ। ਡਾਇਰੀ 'ਚ ਲੜਕੀ ਦਾ ਨਾਂ ਤੇ ਪਤਾ ਕੁਝ ਨਹੀਂ ਸੀ ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪਿਆਰ ਵਿਚ ਫੇਲ ਹੋਣ 'ਤੇ ਉਕਤ ਨੌਜਵਾਨ ਸੈਨਿਕ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਧਾਰਾ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ। 


Related News