ਦੋ ਬੱਚਿਆਂ ਦੀ ਮਾਂ ਨੇ ਬਿਆਸ ਦਰਿਆ ''ਚ ਮਾਰੀ ਛਾਲ, ਭਾਲ ਜਾਰੀ
Saturday, Sep 12, 2026 - 07:59 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ): ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਰਾਜੂ ਬੇਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਬੱਚਿਆਂ ਦੀ ਮਾਂ ਵੱਲੋਂ ਭੇਦਭਰੇ ਹਾਲਾਤ ਵਿਚ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ ਗਈ। ਪ੍ਰਭਜੋਤ ਕੌਰ ਪਤਨੀ ਗੁਰਨਾਮ ਸਿੰਘ, ਜੋ ਭਾਰਤੀ ਫ਼ੌਜ ਵਿਚ ਤਾਇਨਾਤ ਜਵਾਨ ਦੀ ਪਤਨੀ ਦੱਸੀ ਜਾ ਰਹੀ ਹੈ, ਦੀ ਦਰਿਆ ਵਿੱਚ ਭਾਲ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਅਤੇ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਮੁਤਾਬਕ ਪ੍ਰਭਜੋਤ ਕੌਰ ਸ਼ਨੀਵਾਰ ਸਵੇਰੇ ਕਰੀਬ 10 ਵਜੇ ਮੋਪੇਡ ’ਤੇ ਸਵਾਰ ਹੋ ਕੇ ਘਰੋਂ ਨਿਕਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਦਰਿਆ ਬਿਆਸ ਦੇ ਪੁਲ ਨੇੜੇ ਪਹੁੰਚੀ, ਜਿੱਥੇ ਉਸ ਨੇ ਆਪਣਾ ਮੋਪੇਡ ਸਾਈਡ ’ਤੇ ਖੜ੍ਹਾ ਕੀਤਾ ਅਤੇ ਪੁਲ ਤੋਂ ਦਰਿਆ ਦੇ ਪਾਣੀ ਵਿਚ ਛਾਲ ਮਾਰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਨੇੜਲੇ ਪੁਲਸ ਨਾਕੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਰਾਜੂ ਬੇਲਾ ਵਿਚ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮਾਮਲਾ ਥਾਣਾ ਮੁਕੇਰੀਆਂ ਦੇ ਅਧੀਨ ਆਉਂਦਾ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕੌਰ ਦੀ ਭਾਲ ਲਈ ਹੁਸ਼ਿਆਰਪੁਰ ਤੋਂ ਗੋਤਾਖੋਰਾਂ ਦੀ ਟੀਮ ਵੀ ਪਹੁੰਚ ਰਹੀ ਹੈ। ਟੀਮ ਵੱਲੋਂ ਦਰਿਆ ਬਿਆਸ ਵਿਚ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਭਜੋਤ ਕੌਰ ਦੀ ਮਾਤਾ ਹਰਪ੍ਰੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਕੌਰ ਦਾ ਕਿਸੇ ਨਾਲ ਕੋਈ ਕਲੇਸ਼ ਜਾਂ ਮਨ-ਮੁਟਾਅ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ।
