ਰਾਸ਼ਨ ਕਾਰਡਾਂ ਦੀ ਵੈਰੀਫ਼ਿਕੇਸ਼ਨ ਡਿਊਟੀ ਦਾ ਆਸ਼ਾ ਵਰਕਰਾਂ ਵੱਲੋਂ ਬਾਈਕਾਟ

Wednesday, Sep 23, 2026 - 05:10 PM (IST)

ਰਾਸ਼ਨ ਕਾਰਡਾਂ ਦੀ ਵੈਰੀਫ਼ਿਕੇਸ਼ਨ ਡਿਊਟੀ ਦਾ ਆਸ਼ਾ ਵਰਕਰਾਂ ਵੱਲੋਂ ਬਾਈਕਾਟ

ਗੁਰਦਾਸਪੁਰ (ਵਿਨੋਦ) : ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਗੁਰਦਾਸਪੁਰ ਵੱਲੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਪਿੰਡ ਪੱਧਰ ’ਤੇ ਥੋਕ ’ਚ ਬਣ ਰਹੇ ਰਾਸ਼ਨ ਕਾਰਡਾਂ ਦੀ ਵੈਰੀਫ਼ਿਕੇਸ਼ਨ ਸਬੰਧੀ ਲਾਈਆਂ ਡਿਊਟੀਆਂ ਦਾ ਬਾਈਕਾਟ ਕੀਤਾ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਨੂੰ ਸਿਹਤ ਸਬੰਧੀ ਕੰਮਾਂ ਤੋਂ ਹਟਾ ਕੇ ਵਾਧੂ ਕੰਮਾਂ ’ਚ ਉਲਝਾ ਰਿਹਾ ਹੈ। ਇਸ ਸਬੰਧੀ ਬਲਵਿੰਦਰ ਕੌਰ ਅਲੀਸ਼ੇਰ ਅਤੇ ਗੁਰਵਿੰਦਰ ਕੌਰ ਸ਼ਾਹਪੁਰ ਕੋਟਲੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਨਿਗੂਣੀਆਂ ਤਨਖ਼ਾਹਾਂ ਦੇ ਕੇ ਵਾਧੂ ਕੰਮ ਲਿਆ ਜਾ ਰਿਹਾ ਹੈ। ਇਕ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਹਤ ਬੀਮਾ ਯੋਜਨਾ ਤਹਿਤ ਘਰ-ਘਰ ਕਾਰਡ ਵੰਡਣ ਅਤੇ ਉਨ੍ਹਾਂ ਨੂੰ ਐਪ ’ਤੇ ਆਨਲਾਈਨ ਕਰਨ ਦਾ ਕੰਮ ਦਿੱਤਾ ਗਿਆ ਹੈ ਜਦਕਿ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ 'ਤੇ ਦਬਾਅ ਪਾ ਕੇ ਵਾਧੂ ਡਿਊਟੀ ਦੇ ਪੱਤਰ ਜਾਰੀ ਕਰਵਾਏ ਜਾ ਰਹੇ ਹਨ।

ਜਥੇਬੰਦੀ ਦੇ ਆਗੂ ਗੁਰਵਿੰਦਰ ਕੌਰ ਬਹਿਰਾਮਪੁਰ, ਮੀਰਾਂ ਕਾਹਨੂੰਵਾਨ, ਕਾਂਤਾ ਦੇਵੀ ਭੁੱਲਰ, ਪਰਮਜੀਤ ਕੌਰ ਬਾਠਾਂਵਾਲਾ ਅਤੇ ਕੁਲਬੀਰ ਕੌਰ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਤਨਖ਼ਾਹ ਦੇਣ ਦੀ ਬਜਾਏ ਵਾਧੂ ਕੰਮ ਲੈ ਕੇ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਸ਼ਨ ਕਾਰਡ ਵੈਰੀਫ਼ਿਕੇਸ਼ਨ ਲਈ ਪਹਿਲਾਂ ਆਂਗਣਵਾੜੀ ਵਰਕਰਾਂ ਅਤੇ ਫਿਰ ਸਕੂਲ ਅਧਿਆਪਕਾਂ ਵੱਲੋਂ ਵੀ ਵਿਰੋਧ ਕੀਤਾ ਜਾ ਚੁੱਕਾ ਹੈ। ਹੁਣ ਆਸ਼ਾ ਵਰਕਰਾਂ ਨੇ ਵੀ ਇਸ ਦਾ ਪੂਰਨ ਬਾਈਕਾਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।


author

Gurminder Singh

Content Editor

Related News