ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ''ਚ 7 ਖਿਲਾਫ ਕੇਸ ਦਰਜ
Sunday, Mar 25, 2018 - 01:01 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਇਥੇ ਮੈਡੀਕਲ ਅਤੇ ਟੈਕਸੀਆਂ ਦੇ ਵਪਾਰ ਨਾਲ ਜੁੜੇ ਵਿਕਾਸ ਸ਼ਰਮਾ ਦੇ ਪਰਸੋ ਤੋਂ ਗੁੰਮ ਹੋਣ ਤੋਂ ਬਾਅਦ ਸਿਟੀ ਪੁਲਸ ਨੇ ਇਸ ਮਾਮਲੇ 'ਚ 7 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਵਿਕਾਸ ਸ਼ਰਮਾ ਦੀ ਪਤਨੀ ਨੇਹਾ ਵੱਲੋਂ ਸਿਟੀ ਪੁਲਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਉਸ ਨੂੰ 22 ਮਾਰਚ ਨੂੰ ਸ਼ਾਮ 7 ਵਜੇ ਉਸ ਦੇ ਪਤੀ ਨੇ ਫੋਨ ਕੀਤਾ ਕਿ ਉਸ ਨੂੰ ਪਵਨ ਪੋਪਲੀ, ਲੱਡੂ ਪੋਪਲੀ, ਸਾਹਿਲ ਬਾਘਲਾ, ਗੋਰਾ ਤਨੇਜਾ, ਬੱਬੂ ਛਾਬੜਾ, ਸ਼ਟੀ ਬਤਰਾ, ਇਸ਼ਾਤ ਸਾਰੇ ਵਾਸੀ ਫਾਜ਼ਿਲਕਾ ਅਤੇ ਸੀਮਾ ਵਾਸੀ ਪਿੰਡ ਮੌਜਮ ਫਾਜ਼ਿਲਕਾ ਪੈਸਿਆਂ ਦੇ ਲੈਣ-ਦੇਣ ਸਬੰਧੀ ਪ੍ਰੇਸ਼ਾਨ ਕਰ ਰਹੇ ਹਨ। ਇਸ ਕਾਰਨ ਉਹ ਆਤਮਹੱਤਿਆ ਕਰਨ ਲਈ ਜਾ ਰਿਹਾ ਹੈ। ਇਸ ਮਾਮਲੇ 'ਚ ਸ਼ਹਿਰ ਵਿਚ ਨਾਜਾਇਜ਼ ਫਾਇਨਾਂਸਰਾਂ, ਸੱਟੇਬਾਜ਼ਾਂ ਦੇ ਮੱਕੜ ਜਾਲ ਵਿਚ ਫਸਣ ਵਾਲੇ ਪ੍ਰੇਸ਼ਾਨ ਵਿਅਕਤੀ ਦੀ ਬੇਵਸੀ ਨਜ਼ਰ ਆਉਂਦੀ ਪ੍ਰਤੀਤ ਹੁੰਦੀ ਹੈ। ਪੁਲਸ ਨੇ ਇਸ ਮਾਮਲੇ ਵਿਚ ਥਾਣਾ ਸਿਟੀ 'ਚ ਉਕਤ 7 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਲਾਪਤਾ ਹੋਏ ਵਿਕਾਸ ਸ਼ਰਮਾ ਦਾ ਮੋਟਰਸਾਈਕਲ ਅਤੇ ਮੋਬਾਇਲ ਪਿੰਡ ਖੂਈਖੇੜਾ ਦੇ ਨੇੜੇ ਤੋਂ ਨਿਕਲਣ ਵਾਲੀ ਗੰਗ ਕੈਨਾਲ ਦੇ ਕੰਢੇ ਤੋਂ ਬਰਾਮਦ ਹੋਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਕਈ ਲੋਕਾਂ ਦਾ ਗਠਜੋੜ ਸ਼ਾਮਲ ਹੈ। ਸੰਪਰਕ ਕਰਨ 'ਤੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਕਾਸ ਸ਼ਰਮਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਇਸ ਮਾਮਲੇ 'ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।