ਨੌਜਵਾਨ ਨੇ ਫਾਹਾ ਲਾ ਕੇ ਕੀਤੀ ਆਤਮ-ਹੱਤਿਆ

Sunday, Nov 05, 2017 - 04:18 AM (IST)

ਨੌਜਵਾਨ ਨੇ ਫਾਹਾ ਲਾ ਕੇ ਕੀਤੀ ਆਤਮ-ਹੱਤਿਆ

ਲੁਧਿਆਣਾ(ਰਾਮ ਗੁਪਤਾ)-ਤਾਜਪੁਰ ਰੋਡ 'ਤੇ ਸਥਿਤ ਸੰਜੇ ਗਾਂਧੀ ਕਾਲੋਨੀ 'ਚ ਆਪਣੇ ਚਾਚਾ-ਚਾਚੀ ਕੋਲ ਰਹਿੰਦੇ ਇਕ ਨੌਜਵਾਨ ਵੱਲੋਂ ਸ਼ੱਕੀ ਹਾਲਤ 'ਚ ਗਾਰਡਰ ਨਾਲ ਲਟਕ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਉਰਫ ਮਨੀ (19) ਪੁੱਤਰ ਸਵ. ਬਲਵਿੰਦਰ ਕੁਮਾਰ ਦੇ ਰੂਪ 'ਚ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਾਚੇ ਨੀਟਾ ਨੇ ਦੱਸਿਆ ਕਿ ਉਸ ਦੇ ਭਰਾ ਬਲਵਿੰਦਰ ਕੁਮਾਰ ਅਤੇ ਉਸਦੀ ਪਤਨੀ ਗੀਤਾ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਦੀਪਕ ਉਨ੍ਹਾਂ ਨਾਲ ਹੀ ਰਹਿੰਦਾ ਸੀ। ਦੀਪਕ ਛੱਤ 'ਤੇ ਬਣੇ ਕਮਰੇ 'ਚ ਰਹਿੰਦਾ ਸੀ। ਨੀਟਾ ਨੇ ਦੱਸਿਆ ਕਿ ਦੀਪਕ ਨੂੰ ਸ਼ਰਾਬ ਪੀਣ ਦੀ ਆਦਤ ਸੀ। ਬੀਤੀ ਰਾਤ ਵੀ ਉਸਨੇ ਆਪਣੇ ਇਕ ਦੋਸਤ ਚੰਦਨ ਨਾਲ ਮਿਲ ਕੇ ਸ਼ਰਾਬ ਪੀਤੀ। ਰਾਤ ਨੂੰ 11 ਵਜੇ ਚੰਦਨ ਚਲਾ ਗਿਆ ਅਤੇ ਉਹ ਸੌਂ ਗਏ। ਸਵੇਰੇ 8 ਵਜੇ ਦੀਪਕ ਦਾ ਇਕ ਹੋਰ ਦੋਸਤ ਉਸ ਨੂੰ ਬੁਲਾਉਣ ਲਈ ਆਇਆ, ਜਿਸ ਨੇ ਕਾਫੀ ਸਮੇਂ ਤੱਕ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੋਲ੍ਹਣ 'ਤੇ ਜਦੋਂ ਉਸ ਦੇ ਦੋਸਤ ਨੇ ਖਿੜਕੀ ਤੋਂ ਅੰਦਰ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੀਪਕ ਛੱਤ ਵਾਲੇ ਗਾਰਡਰ ਨਾਲ ਲਟਕ ਰਿਹਾ ਸੀ, ਜਿਸ 'ਤੇ ਉਸਨੇ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਦੀਪਕ ਨੂੰ ਹੇਠਾਂ ਉਤਾਰਿਆ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। 
ਸਾਏ ਦੀ ਤਰ੍ਹਾਂ ਨਾਲ ਰਹਿਣ ਵਾਲਾ ਦੋਸਤ ਹੋਇਆ ਗਾਇਬ  
ਮ੍ਰਿਤਕ ਦੀਪਕ ਦੇ ਚਾਚੇ ਨੇ ਦੱਸਿਆ ਕਿ ਦੀਪਕ ਅਤੇ ਚੰਦਨ ਦੋਵੇਂ ਹਮੇਸ਼ਾ ਸਾਏ ਦੀ ਤਰ੍ਹਾਂ ਇਕ ਦੂਸਰੇ ਨਾਲ ਰਹਿੰਦੇ ਸਨ। ਚੰਦਨ ਜ਼ਿਆਦਾਤਰ ਦੀਪਕ ਦੇ ਕੋਲ ਹੀ ਰਹਿੰਦਾ ਸੀ। 
ਬੀਤੀ ਰਾਤ ਉਹ ਦੀਪਕ ਦੇ ਦੋਵੇਂ ਮੋਬਾਇਲ ਆਪਣੇ ਨਾਲ ਲੈ ਗਿਆ ਅਤੇ ਆਪਣਾ ਫੋਨ ਦੀਪਕ ਕੋਲ ਛੱਡ ਗਿਆ। ਅੱਜ ਸਵੇਰ ਤੋਂ ਹੀ ਚੰਦਨ ਨੂੰ ਲਗਾਤਾਰ ਫੋਨ ਕੀਤਾ ਜਾ ਰਿਹਾ ਹੈ ਪਰ ਉਹ ਫੋਨ ਨਹੀਂ ਚੁੱਕ ਰਿਹਾ।  ਉਧਰ ਥਾਣਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News