ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Friday, Sep 01, 2017 - 01:02 AM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਅਬੋਹਰ(ਸੁਨੀਲ, ਰਹੇਜਾ)-ਬੀਤੇ ਦਿਨ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਬਜੀਤਪੁਰ ਕੱਟਿਆਂਵਾਲੀ ਵਾਸੀ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ 'ਚ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਪਿੰਡ ਹਿੰਦੂਮਲ ਕੋਟ ਦੇ ਨੇੜਿਓਂ ਲੰਘਦੀ ਨਹਿਰ 'ਚੋਂ ਬਰਾਮਦ ਹੋਈ। ਪੁਲਸ ਨੇ ਕਿਸਾਨ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਈ ਹੈ। ਜਾਣਕਾਰੀ ਮੁਤਾਬਿਕ ਕਰੀਬ 45 ਸਾਲਾ ਮ੍ਰਿਤਕ ਬਨਵਾਰੀ ਲਾਲ ਦੇ ਸਾਲੇ ਰਾਮ ਕੁਮਾਰ ਨੇ ਦੱਸਿਆ ਕਿ ਉਸਦੇ ਜੀਜਾ ਬਨਵਾਰੀ ਲਾਲ 'ਤੇ ਲੋਕਾਂ ਦੀ ਕਰੀਬ 5 ਲੱਖ ਰੁਪਏ ਦੀ ਦੇਣਦਾਰੀ ਸੀ। ਉਸਨੇ ਬੀਤੇ ਸਾਲ 6 ਕਿਲੇ ਜ਼ਮੀਨ ਠੇਕੇ 'ਤੇ ਲਈ ਸੀ ਪਰ ਫਸਲ ਠੀਕ ਨਾ ਹੋਣ ਕਾਰਨ ਉਹ ਕਰਜ਼ਾ ਨਹੀਂ ਦੇ ਸਕਿਆ। ਇਸ ਦੇ ਇਲਾਵਾ ਉਸਨੇ ਬੀਤੇ ਸਾਲ ਆਪਣੀ 2 ਬੇਟੀਆਂ ਦੇ ਵਿਆਹ 'ਤੇ ਵੀ ਲੱਖਾਂ ਰੁਪਏ ਦਾ ਕਰਜ਼ ਚੁੱਕਿਆ ਸੀ। ਇੰਨਾਂ ਹੀ ਨਹੀਂ ਇਕ ਮਹੀਨੇ ਪਹਿਲਾਂ ਉਸਨੇ ਆਪਣੇ ਬੇਟੇ ਦੇ ਆਪ੍ਰੇਸ਼ਨ ਲਈ ਵੀ ਪਿੰਡ 'ਚੋਂ ਚੰਦਾ ਇੱਕਠਾ ਕੀਤਾ ਸੀ। ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਉਸਦਾ ਜੀਜਾ 29 ਅਗਸਤ ਨੂੰ ਅਚਾਨਕ ਘਰ 'ਚੋਂ ਕਿਤੇ ਚਲਾ ਗਿਆ ਅਤੇ ਉਨ੍ਹਾਂ ਵੱਲੋਂ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਕਿ ਅੱਜ ਉਸਦੇ ਜੀਜੇ ਦੀ ਲਾਸ਼ ਪਿੰਡ ਹਿੰਦੂਮਲ ਕੋਟ ਦੇ ਨੇੜਿਓਂ ਲੰਘਦੀ ਨਹਿਰ 'ਚੋਂ ਬਰਾਮਦ ਹੋਈ। ਸੂਚਨਾ ਮਿਲਣ 'ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਬਾਹਰ ਕਢ ਕੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਈ। ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ਸਾਹਿਬ ਰਾਮ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ । ਇਸ ਮੌਕੇ ਮੌਜੂਦ ਪਿੰਡਵਾਸੀਆਂ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਉਸਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।


Related News