ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
Thursday, Aug 31, 2017 - 02:30 AM (IST)

ਰਾਮਪੁਰਾ ਫੂਲ(ਰਜਨੀਸ਼)-ਪਿੰਡ ਕਾਲੇਕੇ ਦੇ ਇਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਫੂਲ ਦੇ ਜਾਂਚ ਪੁਲਸ ਅਧਿਕਾਰੀ ਚਿਮਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਬਲਵਿੰਦਰ ਸਿੰਘ ਉਰਫ਼ ਬਿੰਦਰ (43) ਨੇ ਆਪਣੇ ਖੇਤ ਜਾ ਕੇ ਬੀਤੇ ਦਿਨ 8 ਵਜੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਅੱਗੇ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਵਾਰਿਸਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਘਰ ਦੀ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਇਕ ਸਾਲ ਪਹਿਲਾਂ ਬਲਵਿੰਦਰ ਸਿੰਘ ਨੇ ਆਪਣੀ ਜ਼ਮੀਨ 'ਚੋਂ 3 ਕਨਾਲਾਂ ਵੇਚ ਦਿੱਤੀਆਂ ਸਨ ਪਰ ਫਿਰ ਵੀ ਉਸ ਦੀ ਆਰਥਿਕ ਸਥਿਤੀ 'ਚ ਕੋਈ ਸੁਧਾਰ ਨਾ ਹੋ ਸਕਿਆ, ਜਿਸ ਕਾਰਨ ਬਲਵਿੰਦਰ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਕਰੀਬ 8 ਲੱਖ ਰੁਪਏ ਕਰਜ਼ਾ ਦੇਣਾ ਸੀ ਜੋ ਕਿ ਬੈਂਕ ਅਤੇ ਪ੍ਰਾਈਵੇਟ ਕਰਜ਼ਾ ਸੀ ਅਤੇ ਉਸ ਕੋਲ ਢਾਈ ਏਕੜ ਜ਼ਮੀਨ ਸੀ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ ਅਤੇ ਪਤਨੀ ਨੂੰ ਛੱਡ ਗਿਆ।