ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ’ਚ 3 ਵਿਰੁੱਧ ਮਾਮਲਾ ਦਰਜ

Friday, Jun 16, 2023 - 06:40 PM (IST)

ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ’ਚ 3 ਵਿਰੁੱਧ ਮਾਮਲਾ ਦਰਜ

ਮੋਗਾ (ਆਜ਼ਾਦ) : ਬੱਧਨੀ ਕਲਾਂ ਵਿਚ ਬੀਤੇ ਦਿਨ ਆਪਣੇ ਹਿੱਸੇਦਾਰਾਂ ਤੋਂ ਤੰਗ ਆ ਕੇ ਰਾਜ ਕੁਮਾਰ ਕਪੂਰ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਇਸ ਸਬੰਧ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਜੋਤੀ ਕਪੂਰ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਸੰਜੇ ਤਲਵਾੜ ਨਿਵਾਸੀ ਗਰੀਨ ਫੀਲਡ ਕਾਲੋਨੀ ਮੋਗਾ, ਦਵਿੰਦਰ ਸਿੰਘ ਨਿਵਾਸੀ ਬੱਧਨੀ ਕਲਾਂ ਹਾਲ ਅਬਾਦ ਜੁਝਾਰ ਨਗਰ ਮੋਗਾ ਅਤੇ ਹਰਪ੍ਰੀਤ ਸਿੰਘ ਨਿਵਾਸੀ ਤਲਵੰਡੀ ਭਾਈ ਦੇ ਖ਼ਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਕਪੂਰ ਤੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਸੀ। ਉਸ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਮੇਰੇ ਪਤੀ ਨੇ ਕਥਿਤ ਦੋਸ਼ੀਆਂ ਨਾਲ ਮਿਲ ਕੇ ਇਕ ਕੰਪਨੀ ਖੋਲ੍ਹੀ ਸੀ। ਮੇਰੇ ਪਤੀ ਨੇ ਕਥਿਤ ਦੋਸ਼ੀ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 19 ਲੱਖ ਰੁਪਏ ਦਿੱਤੇ ਸਨ ਅਤੇ ਕਿਸੇ ਹੋਰ ਕੇਸ ਵਿਚ ਫਸ ਜਾਣ ਦੇ ਕਾਰਨ ਉਸ ਨੇ ਸੰਜੇ ਤਲਵਾੜ ਨੂੰ 20 ਲੱਖ ਰੁਪਏ ਦਿੱਤੇ ਸਨ, ਜਿਸ ਵਿਚੋਂ ਸੰਜੇ ਤਲਵਾੜ ਨੇ 5 ਲੱਖ ਰੁਪਏ ਮੇਰੇ ਪਤੀ ਨੂੰ ਵਾਪਸ ਕਰ ਦਿੱਤੇ ਸਨ।

ਉਸ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੇ ਕੰਪਨੀ ਦੀ ਆਮਦਨ ਦਾ ਕੋਈ ਵੀ ਹਿਸਾਬ ਉਸਦੇ ਪਤੀ ਨੂੰ ਨਹੀਂ ਦਿੱਤਾ। ਜਦ ਵੀ ਮੇਰੇ ਪਤੀ ਨੇ ਉਨ੍ਹਾਂ ਨੂੰ ਕੰਪਨੀ ਵਿਚ ਲੱਗੇ ਪੈਸਿਆਂ ਦਾ ਹਿਸਾਬ ਮੰਗਿਆ ਤਾਂ ਉਹ ਉਸ ਨੂੰ ਬੁਰਾ ਭਲਾ ਕਹਿਣ ਲੱਗੇ। ਇਸ ਗੱਲ ਨੂੰ ਲੈ ਕੇ ਮੇਰਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਆਖਰ ਉਸ ਨੇ ਇਨ੍ਹਾਂ ਸਾਰਿਆਂ ਤੋਂ ਤੰਗ ਆ ਕੇ ਆਪਣੇ ਦਫਤਰ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਨੇ ਮੰਗ ਕੀਤੀ ਕਿ ਉਸ ਦੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।


author

Gurminder Singh

Content Editor

Related News