ਨੌਜਵਾਨ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ

Tuesday, Aug 15, 2017 - 12:20 AM (IST)

ਮੇਹਟੀਆਣਾ,   (ਸੰਜੀਵ)-  ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਪੰਡੋਰੀ ਕੱਦ ਵਿਖੇ ਇਕ ਵਿਆਹੁਤਾ ਨੌਜਵਾਨ ਵੱਲੋਂ ਫ਼ਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਮਲਕੀਅਤ ਸਿੰਘ (35) ਪੁੱਤਰ ਦਰਸ਼ਨ ਸਿੰਘ ਸੈਣੀ ਵਾਸੀ ਪੰਡੋਰੀ ਕੱਦ ਨੇ ਆਪਣੇ ਘਰ 'ਚ ਪੱਖੇ ਨਾਲ ²ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਥਾਣਾ ਮੇਹਟੀਆਣਾ ਤੋਂ ਏ. ਐੱਸ. ਆਈ. ਗੁਰਮਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਏ. ਐੱਸ. ਆਈ. ਗੁਰਮਿੰਦਰ ਸਿੰਘ ਮੁਤਾਬਕ ਮ੍ਰਿਤਕ ਵਿਅਕਤੀ ਨਸ਼ੇ ਦਾ ਆਦੀ ਸੀ, ਇਸੇ ਕਰ ਕੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਦੇ ਬਾਅਦ ਤੋਂ ਹੀ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ। ਮੇਹਟੀਆਣਾ ਪੁਲਸ ਨੇ 174 ਦੀ ਕਾਰਵਾਈ ਕਰ ਦਿੱਤੀ ਹੈ। 
ਬੁੱਲ੍ਹੋਵਾਲ, (ਜਸਵਿੰਦਰਜੀਤ)-ਪਿੰਡ ਆਲੋਵਾਲ ਵਿਖੇ ਇਕ ਵਿਅਕਤੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਆਲੋਵਾਲ ਨੇ ਦੱਸਿਆ ਕਿ ਉਸ ਦਾ ਪਿਤਾ ਪਿਛਲੇ ਕਰੀਬ ਦੋ ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਬੀਤੀ ਰਾਤ ਸਾਰਾ ਪਰਿਵਾਰ ਰੋਟੀ ਖਾ ਕੇ ਸੁੱਤਾ ਸੀ। ਸਵੇਰੇ ਉੱਠ ਕੇ ਉਨ੍ਹਾਂ ਦੀ ਮਾਤਾ ਰਜਿੰਦਰ ਕੌਰ ਨੇ ਦੇਖਿਆ ਕਿ ਉਸ ਦਾ ਪਿਤਾ ਘਰ ਨਹੀਂ ਸੀ। ਆਸ-ਪਾਸ ਭਾਲਣ ਉਪਰੰਤ ਉਨ੍ਹਾਂ ਦੇਖਿਆ ਕਿ ਉਸ ਦੇ ਪਿਤਾ ਨੇ ਪਿੰਡ ਦੇ ਬਾਹਰ ਦਰਬਾਰ ਬੀਬੀ ਸਾਬਰੀ ਦੀ ਦਰਗਾਹ 'ਤੇ ਪੱਖੇ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮੁੱਖ ਥਾਣਾ ਅਫਸਰ ਬੁੱਲ੍ਹੋਵਾਲ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਸਰੀਰ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ।


Related News