ਅੱਤਵਾਦ ਵਿਰੁੱਧ ਵਿਆਪਕ ਰਣਨੀਤੀ ਬਣਾਉਣ ਦਾ ਦਿੱਤਾ ਸੁਝਾਅ
Friday, Apr 20, 2018 - 07:01 AM (IST)
ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਪੰਜਾਬ 'ਚ ਅੱਤਵਾਦ ਨੂੰ ਮੁੜ ਤੋਂ ਉਭਾਰਨ ਦੀਆਂ ਚੱਲ ਰਹੀਆਂ ਸਾਜ਼ਿਸ਼ਾਂ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਬਣਾਉਣ ਦਾ ਸੁਝਾਅ ਦਿੱਤਾ ਤਾਂ ਜੋ ਸੂਬੇ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਕੋਈ ਖਤਰਾ ਪੇਸ਼ ਨਾ ਹੋਵੇ। ਰਾਜਨਾਥ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਦੇ ਵਧਦੇ ਖਤਰੇ ਨੂੰ ਦੇਖਦਿਆਂ ਇੰਟੈਲੀਜੈਂਸ ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਵੱਖ-ਵੱਖ ਦੇਸ਼ਾਂ ਖਾਸ ਕਰ ਕੇ ਕੈਨੇਡਾ, ਬਰਤਾਨੀਆ, ਅਮਰੀਕਾ, ਇਟਲੀ ਅਤੇ ਜਰਮਨ 'ਚ ਬੈਠੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਿਤੈਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੈਪਟਨ ਨੇ ਰਾਜਨਾਥ ਸਿੰਘ ਨੂੰ ਸੋਸ਼ਲ ਮੀਡੀਆ ਵਰਕਰਾਂ ਵਿਰੁੱਧ ਵੀ ਸਖਤ ਕਦਮ ਚੁੱਕਣ ਲਈ ਕਿਹਾ, ਜੋ ਸ਼ਾਂਤੀ ਲਈ ਖਤਰਾ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ 'ਕੋਨੈਕਟ ਵਿਦ ਯੂਅਰਸ ਰੂਟਸ' ਪ੍ਰੋਗਰਾਮ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂ ਜੋ ਵਿਦੇਸ਼ਾਂ 'ਚ ਅਜਿਹੀਆਂ ਸਰਗਰਮੀਆਂ 'ਤੇ ਰੋਕ ਲੱਗ ਸਕੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੂਬੇ ਦੀ ਪੁਲਸ ਫੋਰਸ ਸਕੀਮ ਦੇ ਆਧੁਨਿਕੀਕਰਨ ਦੀ ਮੰਗ ਨਾਲ ਸਹਿਮਤ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਦੀਆਂ ਚੱਲ ਰਹੀਆਂ ਸਾਜ਼ਿਸ਼ਾਂ 'ਤੇ ਰੋਕ ਲਾਉਣ ਲਈ ਪੁਲਸ ਫੋਰਸ ਦਾ ਆਧੁਨਿਕੀਕਰਨ ਕਰਨਾ ਜ਼ਰੂਰੀ ਹੈ। ਉਨ੍ਹਾਂ ਅਮਨ ਕਾਨੂੰਨ ਨੂੰ ਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਉਕਤ ਯੋਜਨਾ ਅਧੀਨ ਸਟੇਟ ਸਪੈਸ਼ਲ ਬ੍ਰਾਂਚ ਮਜ਼ਬੂਤ ਕਰਨ ਲਈ ਵਾਧੂ ਫੰਡ ਦੇਣ ਦਾ ਮਾਮਲਾ ਵੀ ਗ੍ਰਹਿ ਮੰਤਰੀ ਕੋਲ ਉਠਾਇਆ। ਇਹ ਫੰਡ ਕੇਂਦਰ ਵਲੋਂ ਸਿੱਧੀ ਜੰਗ, ਸਰਹੱਦ ਪਾਰ ਤੋਂ ਅੱਤਵਾਦ ਦੇ ਖਤਰੇ ਅਤੇ ਨਸ਼ੀਲੀਆਂ ਵਸਤਾਂ, ਹਥਿਆਰ ਤੇ ਵਿਸਫੋਟਕ ਸਮੱਗਰੀ ਭੇਜੇ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਸੂਬਾਈ ਸਰਕਾਰਾਂ ਨੂੰ ਵਾਧੂ ਦਿੱਤੇ ਜਾਂਦੇ ਹਨ। ਕੇਂਦਰੀ ਗ੍ਰਹਿ ਮੰਤਰੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।