4 ਸਾਲਾਂ ਬਾਅਦ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਉਣਾ ਕਿਸਾਨ ਮਾਰੂ ਫੈਸਲਾ : ਢੀਂਡਸਾ
Tuesday, Aug 24, 2021 - 01:45 PM (IST)
ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸੂਬੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂਆਂ ਨਾਲ ਮੋਹਾਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਚ ਅਹਿਮ ਬੈਠਕ ਕੀਤੀ, ਜਿਸ ਵਿਚ ਆਗੂਆਂ ਨੇ ਪੰਜਾਬ ਵਿਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ ਲਿਆ। ਇਸ ਮੌਕੇ ਢੀਂਡਸਾ ਨੇ ਜ਼ਿਲ੍ਹਿਆਂ ਵਿਚ ਸਰਕਲ ਪੱਧਰ ’ਤੇ ਸਬ- ਕਮੇਟੀਆਂ ਬਣਾਉਣ ਸਬੰਧੀ ਚਰਚਾ ਕੀਤੀ ਅਤੇ ਪਾਰਟੀ ਵਿਚ ਨੌਜਵਾਨਾਂ ਅਤੇ ਦਲਿਤ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਗੱਲ ਆਖੀ। ਢੀਂਡਸਾ ਨੇ ਪਾਰੱਟੀ ਦੇ ਸਮੁੱਚੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਭਾਈਵਾਲ ਆਜ਼ਾਦ ਸਮਾਜ ਪਾਰਟੀ (ਭੀਮ ਆਰਮੀ) ਨਾਲ ਮਿਲ ਕੇ ਵੱਡੇ ਪੱਧਰ ’ਤੇ ਆਪੋ-ਆਪਣੇ ਜ਼ਿਲ੍ਹੇ ਵਿਚ ਸਰਗਰਮੀਆਂ ਵਧਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਓ. ਬੀ. ਸੀ. ਵਰਗ ਨੂੰ ਵੀ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਜਲਦੀ ਹੀ ਪਾਰਟੀ ਦਾ ਓ. ਬੀ. ਸੀ. ਵਿੰਗ ਤਿਆਰ ਕਰ ਕੇ ਇਸ ਵਿਚ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।
ਇਹ ਵੀ ਪੜ੍ਹੋ : ਸ਼੍ਰੋਅਦ ਦਾ ਹਮਲਾ, ਪੰਜਾਬ ਕਾਂਗਰਸ ਭਵਨ ਬਣਿਆ ਪਾਕਿਸਤਾਨ ਦੀ ਆਈ. ਐੱਸ. ਆਈ. ਦਾ ਉਪ ਦਫ਼ਤਰ
ਇਸ ਦੌਰਾਨ ਢੀਂਡਸਾ ਨੇ ਬੀਤੇ ਦਿਨੀਂ ਗੰਨੇ ਦੇ ਭਾਅ ਸਬੰਧੀ ਕਿਸਾਨ ਜਥੇਬੰਦੀਆਂ ਦੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਮੀਟਿੰਗ ਬੇਨਤੀਜਾ ਰਹਿਣ ’ਤੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ ਅਤੇ ਸੂਬਾ ਸਰਕਾਰ ਦੇ ਪੁਰਾਣੇ ਵਾਅਦੇ ਚੇਤੇ ਕਰਵਾਉਂਦਿਆਂ ਕਿਹਾ ਕਿ ਸਰਕਾਰ ਨੇ 2017 ਵਿਚ ਵਾਅਦਾ ਕੀਤਾ ਸੀ ਕਿ ਹਰ ਵਰ੍ਹੇ ਗੰਨੇ ਦਾ ਭਾਅ ਵਧਾਇਆ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਸੀ ਕਿ ਹਫ਼ਤੇ ਵਿਚ ਗੰਨੇ ਦਾ ਭਾਅ ਐਲਾਨ ਦਿੱਤਾ ਜਾਵੇਗਾ ਪਰ ਚਾਰ ਸਾਲਾਂ ਮਗਰੋਂ ਹੁਣ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਉਣਾ ਸਰਕਾਰ ਦਾ ਕਿਸਾਨਮਾਰੂ ਕਦਮ ਹੈ। ਢੀਂਡਸਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਤਿੱਖਾ ਕਰਨ ਦੀ ਦਿੱਤੀ ਗਈ ਚਿਤਾਵਨੀ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਗੰਨੇ ਦਾ ਭਾਅ ਕਿਸਾਨਾਂ ਦੀ ਮੰਗ ਮੁਤਾਬਕ ਵਧਾਉਣ ਦੀ ਅਪੀਲ ਕੀਤੀ ਹੈ। ਢੀਂਡਸਾ ਨੇ ਪਾਰਟੀ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਇਸ ਅੰਦੋਲਨ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਗੁਰਬਚਨ ਸਿੰਘ ਬਚੀ, ਸਤਵਿੰਦਰਪਾਲ ਸਿੰਂਘ ਢੱਟ, ਭੁਪਿੰਦਰ ਸਿੰਘ ਬਜਰੂੜ, ਗੁਰਚਰਨ ਸਿੰਘ ਚੰਨੀ, ਡਾ. ਮੇਜਰ ਸਿੰਘ, ਗੁਰਿੰਦਰ ਸਿੰਘ ਬਾਜਵਾ, ਰਜਿੰਦਰ ਸਿੰਘ ਰਾਜਾ, ਬਲਦੇਵ ਸਿੰਘ ਚੇਤਾ, ਰਣਜੀਤ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਮਨਪ੍ਰੀਤ ਸਿੰਘ ਤਲਵੰਡੀ, ਸਲਾਹਕਾਰ ਦਵਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਮਲੋਟ ’ਚ ਸੁਖਬੀਰ ਦਾ ਵਿਰੋਧ, ਕਿਸਾਨਾਂ ਨੇ ਬੈਨਰ ਪਾੜੇ, ਕਾਲੀਆਂ ਝੰਡੀਆਂ ਦਿਖਾਈਆਂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ