ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੰਗਾਂ ਸਬੰਧੀ ਗੰਨਾ ਮਿੱਲ ਅਧਿਕਾਰੀਆਂ ਨਾਲ ਮੀਟਿੰਗ

11/03/2017 1:13:45 AM

ਦਸੂਹਾ, (ਝਾਵਰ)- ਦੋਆਬਾ ਕਿਸਾਨ ਸੰਘਰਸ਼ ਕਮੇਟੀ ਜ਼ਿਲਾ ਹੁਸ਼ਿਆਰਪੁਰ ਤੇ ਏ. ਬੀ. ਸ਼ੂਗਰ ਮਿੱਲ ਰੰਧਾਵਾ, ਦਸੂਹਾ ਦੇ ਅਧਿਕਾਰੀਆਂ ਤੇ ਕਿਸਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਇਲਾਕੇ ਦੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਖੇਤੀਬਾੜੀ ਵਿਭਾਗ ਦਫ਼ਤਰ ਦਸੂਹਾ ਦੇ ਏ. ਸੀ. ਡੀ. ਓ. ਡਾ. ਬਲਬੀਰ ਚੰਦ ਦੀ ਅਗਵਾਈ ਹੇਠ ਹੋਈ। 
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਸਾਨਾਂ ਦਾ ਪੱਖ ਰੱਖਦਿਆਂ ਕਿਹਾ ਕਿ ਗੰਨਾ ਮਿੱਲ ਗੰਨੇ ਦੀਆਂ ਪਰਚੀਆਂ ਕੈਲੰਡਰ ਸਿਸਟਮ ਅਨੁਸਾਰ ਕਿਸਾਨਾਂ ਦੇ ਘਰਾਂ 'ਚ ਭੇਜੇ, ਪਿਛਲੇ ਸਾਲ ਦੀ ਤਰ੍ਹਾਂ ਗੰਨੇ ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ। ਮਿੱਲ ਅੰਦਰ ਜਦੋਂ ਗੰਨੇ ਦੀ ਟਰਾਲੀ ਪਹੁੰਚਦੀ ਹੈ, ਉਸ ਨੂੰ 10 ਘੰਟੇ ਦੇ ਅੰਦਰ-ਅੰਦਰ ਖਾਲੀ ਕਰਵਾਇਆ ਜਾਵੇ, ਗੰਨੇ ਦੀ ਫ਼ਸਲ ਲਈ ਕੀਟਨਾਸ਼ਕ ਦਵਾਈਆਂ ਤੇ ਔਜਾਰ ਸਬਸਿਡੀ 'ਤੇ ਦਿੱਤੇ ਜਾਣ।
ਉਨ੍ਹਾਂ ਜ਼ੋਰਦਾਰ ਸ਼ਬਦਾਂ 'ਚ ਕਿਹਾ ਕਿ ਆਊਟ ਏਰੀਏ ਦਾ ਗੰਨਾ ਨਾ ਲਿਆ ਜਾਵੇ, ਸਭ ਤੋਂ ਪਹਿਲਾਂ ਲੋਕਲ ਏਰੀਏ ਕਿਸਾਨਾਂ ਦਾ ਗੰਨਾ ਹੀ ਪੀੜਿਆ ਜਾਵੇ, ਮਿੱਲ ਮੈਨੇਜਮੈਂਟ ਕਿਸਾਨਾਂ ਨੂੰ ਪੂਰਾ ਸਹਿਯੋਗ ਦੇਵੇ।
ਇਸ ਮੌਕੇ ਏ. ਬੀ. ਸ਼ੂਗਰ ਮਿੱਲ ਦੇ ਸੀ. ਸੀ. ਡੀ. ਓ. ਪੰਕਜ ਕੁਮਾਰ, ਸੀਨੀਅਰ ਮੈਨੇਜਰ ਵਿਸ਼ਾਲ ਵਾਲੀਆ ਨੇ ਕਿਹਾ ਕਿ ਮਿੱਲ ਅੰਦਰ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮਿੱਲ ਗੰਨਾ ਪੀੜਨ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਤੋਂ 22 ਨਵੰਬਰ ਵਿਚਕਾਰ ਸ਼ੂਗਰ ਮਿੱਲ ਹਰ ਹਾਲਤ 'ਚ ਚਲਾ ਦਿੱਤੀ ਜਾਵੇਗੀ। ਗੰਨੇ ਦੀ ਪੇਮੈਟ ਬਿਨਾਂ ਕਿਸੇ ਦੇਰੀ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ ਤੇ ਏ. ਬੀ. ਸ਼ੂਗਰ ਮਿੱਲ ਦਸੂਹਾ ਵੱਲੋਂ ਕਿਸੇ ਵੀ ਕਿਸਾਨ ਦਾ ਪਿਛਲੇ ਸਾਲ ਦਾ ਕੋਈ ਵੀ ਬਕਾਇਆ ਨਹੀਂ ਹੈ। ਮਿੱਲ ਕਿਸਾਨਾਂ ਨੂੰ ਪੂਰਾ ਸਹਿਯੋਗ ਦੇਵੇਗੀ। ਖੇਤੀਬਾੜੀ ਵਿਭਾਗ ਦੇ ਏ. ਸੀ. ਡੀ. ਓ. ਡਾ. ਬਲਬੀਰ ਚੰਦ ਨੇ ਕਿਹਾ ਕਿ ਸਰਕਾਰ ਤੇ ਕੇਨ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਹੀ ਮਿੱਲ ਕੰਮ ਕਰੇਗੀ। 
ਇਸ ਸਮੇਂ ਜਸਪਾਲ ਸਿੰਘ ਏ. ਡੀ. ਓ., ਕੁਲਦੀਪ ਸਿੰਘ ਕੇਨ ਮੈਨੇਜਰ, ਰਣਜੀਤ ਸਿੰਘ ਤਹਿਸੀਲ ਪ੍ਰਧਾਨ, ਪ੍ਰੀਤ ਮੋਹਣ ਸਿੰਘ, ਜੁਝਾਰ ਸਿੰਘ, ਜਰਨੈਲ ਸਿੰਘ, ਸੀਮਾ ਰਾਣਾ, ਬਲਬੀਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਚੀਮਾ, ਪ੍ਰਿਤਪਾਲ ਸਿੰਘ, ਲਾਡੀ ਸਕਰਾਲਾ, ਤਾਰਾ ਬਾਹਟੀਵਾਲ, ਸੋਨੂੰ ਕੋਟਲੀ, ਅਮਰਜੀਤ ਕੁਰਾਲਾ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।


Related News