ਟੈਡੀਬੀਅਰ ਲੈ ਕੇ ਬਾਹਰ ਗਈ ਸੀ ਭਾਵਨਾ, ਹੋਸਟਲ ਨਿਰਾਸ਼ ਪਰਤੀ
Wednesday, Feb 21, 2018 - 07:55 AM (IST)

ਚੰਡੀਗੜ੍ਹ (ਸੁਸ਼ੀਲ) - ਸੈਕਟਰ-42 ਸਥਿਤ ਸਰਕਾਰੀ ਕਾਲਜ ਦੇ ਹੋਸਟਲ 'ਚ ਬੀ. ਸੀ. ਏ. ਭਾਗ ਦੂਜਾ ਦੀ ਵਿਦਿਆਰਥਣ ਭਾਵਨਾ ਦੀ ਮੌਤ ਫਾਹਾ ਲਾਉਣ ਨਾਲ ਹੋਈ ਹੈ, ਜਿਸਦਾ ਖੁਲਾਸਾ ਡਾਕਟਰਾਂ ਨੇ ਪੋਸਟਮਾਰਟਮ ਰਿਪੋਰਟ 'ਚ ਕੀਤਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਭਾਵਨਾ ਨੇ ਖੁਦ ਹੋਸਟਲ ਦੇ ਕਮਰੇ 'ਚ ਫਾਹਾ ਲਾਇਆ ਹੈ। ਉਥੇ ਹੀ ਸੈਕਟਰ-36 ਥਾਣਾ ਪੁਲਸ ਭਾਵਨਾ ਦੀ ਮੋਬਾਇਲ ਕਾਲ ਡਿਟੇਲ, ਵਟਸਐਪ ਮੈਸੇਜ ਤੇ ਫੇਸਬੁੱਕ ਅਕਾਊਂਟ ਖੰਘਾਲ ਰਹੀ ਹੈ, ਤਾਂ ਜੋ ਪਤਾ ਲਗ ਸਕੇ ਕਿ ਖੁਦਕੁਸ਼ੀ ਤੋਂ ਪਹਿਲਾਂ ਉਸਨੇ ਆਖਰੀ ਵਾਰ ਕਿਸ ਨਾਲ ਗੱਲਬਾਤ ਕੀਤੀ ਸੀ। ਪੁਲਸ ਪਤਾ ਕਰ ਰਹੀ ਹੈ ਕਿ ਖੁਦਕੁਸ਼ੀ ਵਾਲੇ ਦਿਨ ਸਵੇਰ ਤੋਂ ਲੈ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਕਿਸਨੂੰ ਮਿਲੀ ਤੇ ਕਿਥੇ-ਕਿਥੇ ਗਈ ਸੀ। ਚੰਡੀਗੜ੍ਹ ਪੁਲਸ ਭਾਵਨਾ ਬਾਰੇ ਉਸਦੀਆਂ ਸਹੇਲੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਪ੍ਰੋਗਰਾਮ 'ਚ ਮੌਜੂਦ ਲੋਕਾਂ ਦੇ ਬਿਆਨ ਦਰਜ ਕਰੇਗੀ ਪੁਲਸ
ਪੁਲਸ ਨੇ ਮਾਮਲੇ ਦੀ ਜਾਂਚ ਲਈ ਹੋਸਟਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ। ਕੈਮਰਿਆਂ ਵਿਚ ਭਾਵਨਾ ਐਤਵਾਰ ਸਵੇਰੇ ਹੋਸਟਲ ਤੋਂ ਟੈਡੀਬੀਅਰ ਲੈ ਕੇ ਬਾਹਰ ਜਾਂਦੀ ਵਿਖਾਈ ਦਿੱਤੀ ਹੈ। ਇਸਤੋਂ ਬਾਅਦ ਸ਼ਾਮ ਨੂੰ ਭਾਵਨਾ ਚੁੱਪ-ਚਾਪ ਹੋਸਟਲ 'ਚ ਆਈ ਸੀ। ਪੁਲਸ ਸੂਤਰਾਂ ਅਨੁਸਾਰ ਐਤਵਾਰ ਨੂੰ ਉਹ ਕਿਸੇ ਪ੍ਰੋਗਰਾਮ 'ਚ ਗਈ ਸੀ। ਪੁਲਸ ਹੁਣ ਉਸ ਪ੍ਰੋਗਰਾਮ 'ਚ ਮੌਜੂਦ ਲੋਕਾਂ ਦੀ ਲਿਸਟ ਲੈ ਕੇ ਉਨ੍ਹਾਂ ਦੇ ਬਿਆਨ ਦਰਜ ਕਰੇਗੀ, ਤਾਂ ਜੋ ਭਾਵਨਾ ਵਲੋਂ ਖੁਦਕੁਸ਼ੀ ਕਰਨ ਦਾ ਕਾਰਨ ਪਤਾ ਲਗ ਸਕੇ। ਉਥੇ ਹੀ ਸੈਕਟਰ-36 ਥਾਣਾ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਐਤਵਾਰ ਨੂੰ ਸੈਕਟਰ-42 ਸਥਿਤ ਸਰਕਾਰੀ ਕਾਲਜ ਦੇ ਹੋਸਟਲ 'ਚ ਭਾਵਨਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਹੋਸਟਲ ਦੇ ਕਮਰੇ 'ਚ ਫਾਹੇ 'ਤੇ ਭਾਵਨਾ ਨੂੰ ਲਟਕੀ ਵੇਖ ਕੇ ਹੋਸਟਲ ਸਟਾਫ ਤੇ ਸਹੇਲੀਆਂ ਉਸਨੂੰ ਉਤਾਰ ਕੇ ਹਸਪਤਾਲ ਲੈ ਕੇ ਗਈਆਂ ਸਨ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। ਭਾਵਨਾ ਦੇ ਵਾਰਸਾਂ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਵਾਰਸਾਂ ਨੇ ਕਾਲਜ ਪ੍ਰਸ਼ਾਸਨ 'ਤੇ ਭਾਵਨਾ ਦੀ ਮੌਤ ਦੀ ਸੱਚਾਈ ਲੁਕਾਉਣ ਦੇ ਦੋਸ਼ ਲਾਏ ਸਨ।