ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ''ਆਪ'' ਨੂੰ ਮਿਲੇਗੀ ਮਜ਼ਬੂਤੀ : ਛੋਟੇਪੁਰ
Tuesday, Feb 16, 2016 - 06:36 PM (IST)

ਚੰਡੀਗੜ੍ਹ— ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 23 ਫਰਵਰੀ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾਂ ਪੰਜਾਬ ਦੌਰੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਹ ਗੱਲ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਖੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਆਉਣ ਨਾਲ ਚੋਣ ਮੁਹਿੰਮ ''ਚ ਤੇਜ਼ੀ ਆਵੇਗੀ। ਚੋਣ ਰਣਨੀਤੀ ਅਧੀਨ ਪਰਿਵਾਰ ਜੋੜੋ ਮੁਹਿੰਮ ਨੂੰ ਚੰਗੀ ਪ੍ਰਕਿਰਿਆ ਮਿਲ ਰਹੀ ਹੈ। ਇਹ ਮੁਹਿੰਮ ਇਕ ਮਹੀਨੇ ਤੱਕ ਚੱਲੇਗੀ। ਇਸ ਤੋਂ ਬਾਅਦ ਵਰਕਰਾਂ ਦਾ ਲੋਕਾਂ ਨਾਲ ਸੰਪਰਕ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
''ਆਪ'' ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਇਸ ਦੌਰੇ ਦੌਰਾਨ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨਗੇ। ਕਿਸਾਨ ਖੁਦਕੁਸ਼ੀਆਂ ਦੇ ਮਾਮਲੇ, ਦਲਿਤ ਪਰਿਵਾਰਾਂ ਨੂੰ ਮਿਲਣਾ, ਨਸ਼ੇ ਕਾਰਨ ਮੌਤ ਦੇ ਸ਼ਿਕਾਰ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਸਰਕਾਰ ਵਲੋਂ ਰਹਿ ਗਈਆਂ ਕਮੀਆਂ ਬਾਰੇ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ''ਆਪ'' ਪਾਰਟੀ ਇਸ ਸਮੇਂ ਕਾਂਗਰਸ ਅਤੇ ਅਕਾਲੀ ਗਠਜੋੜ ਦੇ ਨਿਸ਼ਾਨੇ ''ਤੇ ਹੋਣ ਕਾਰਨ ਰੋਜ਼ ਨਵੀਂ ਬਿਆਨਬਾਜ਼ੀ ਝੱਲ ਰਹੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵੇਂ ਵੱਡੀਆਂ ਪਾਰਟੀਆਂ ''ਆਪ'' ਪਾਰਟੀ ਤੋਂ ਘਬਰਾਈਆਂ ਹੋਈਆਂ ਹਨ।