ਗੁਰਦਾਸਪੁਰ ਸੀਟ ਤੋਂ ਹੀ ਲੋਕਾਂ ਦੀਆਂ ਦੁਆਵਾਂ ਲੈਣ ਲਈ ਖੜ੍ਹਾ ਹੋਵਾਂਗਾ : ਛੋਟੇਪੁਰ

03/14/2018 2:54:23 AM

ਚਾਉਕੇ(ਰਜਿੰਦਰ)-'ਆਪਣਾ ਪੰਜਾਬ ਪਾਰਟੀ' ਦੇ ਸੰਸਥਾਪਕ ਸੁੱਚਾ ਸਿੰਘ ਛੋਟੇਪੁਰ ਨੇ ਹਲਕਾ ਮੌੜ ਦੇ ਪਾਰਟੀ ਵਰਕਰਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕਰਨ ਲਈ ਗੁਰਦੁਆਰਾ ਗੁਰਸਾਗਰ ਸਾਹਿਬ ਚਾਉਕੇ ਵਿਖੇ ਇਕ ਭਰਵੀਂ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਆਪਾਂ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਨੂੰ ਲੋਕਾਂ ਸਾਹਮਣੇ ਲੈ ਕੇ ਆਈਏ ਕਿਉਂਕਿ ਪਿਛਲੇ ਸਾਲਾਂ ਤੋਂ ਵਾਰੀ-ਵਾਰੀ ਰਾਜ ਕਰ ਰਹੀਆਂ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਰਲ ਕੇ ਫਰੈਂਡਲੀ ਮੈਚ ਖੇਡ ਰਹੀਆਂ ਹਨ, ਜਿਹੜੇ ਲੋਕ ਵਿਰੋਧੀ ਕੰਮ ਪਹਿਲਾਂ ਹੁੰਦੇ ਸਨ ਉਹ ਫਿਰ ਜਾਰੀ ਹਨ।
 ਕਾਂਗਰਸ ਪਾਰਟੀ ਨੇ ਲੋੜਵੰਦ ਵਿਅਕਤੀਆਂ ਦੇ ਆਟਾ-ਦਾਲ ਸਕੀਮ ਦੇ ਕਾਰਡ ਕੱਟ ਕੇ ਦੁਬਾਰਾ ਫਿਰ ਲੋਕਾਂ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਤੇ ਬੇਰੋਜ਼ਗਾਰਾਂ ਬਾਰੇ ਕਿਸੇ ਨੇ ਵੀ ਅੰਦਰੋਂ ਝਾਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਰਫ ਵੋਟਾਂ ਦੇ ਸਮੇਂ ਫਾਰਮ ਭਰਵਾ ਕੇ ਝੂਠੀ ਸਹੁੰ ਖਾ ਕੇ ਸੱਤਾ 'ਚ ਪਹੁੰਚੇ। ਪੰਜਾਬ ਦਾ ਰਾਜ ਸਿਰਫ ਕੈਪਟਨ ਪਰਿਵਾਰ ਜਾਂ ਫਿਰ ਬਾਦਲ ਪਰਿਵਾਰ ਕੋਲ ਹੀ ਰਹਿ ਗਿਆ ਹੈ। ਆਓ ਲੋਕਾਂ ਨੂੰ ਦੱਸੀਏ ਕਿ ਇਨ੍ਹਾਂ ਪਾਰਟੀਆਂ ਨੇ ਕਿਵੇਂ ਲੋਕ ਵਿਰੋਧੀ ਕੰਮ ਕੀਤੇ ਹਨ। ਪ੍ਰੈੱਸ ਵਾਰਤਾ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਫਿਰ ਗੁਰਦਾਸਪੁਰ ਸੀਟ ਤੋਂ ਹੀ ਲੋਕਾਂ ਦੀਆਂ ਦੁਆਵਾਂ ਲੈਣ ਲਈ ਖੜ੍ਹੇ ਹੋਣਗੇ। ਇਸ ਮੌਕੇ ਹਰਪਾਲ ਸਿੰਘ ਕਲੀਪੁਰ, ਯੂਥ ਆਗੂ ਹਰਪਾਲ ਸਿੰਘ ਢਿੱਲੋਂ ਚਾਉਕੇ, ਪ੍ਰਧਾਨ ਤਰਲੋਚਨ ਸਿੰਘ ਲਾਲੀ, ਪਰਮਜੀਤ ਕੌਰ, ਚਰਨਜੀਤ ਜੋੜ, ਜਸਵਿੰਦਰ ਸਿੰਘ ਸ਼ਿੰਦਾ, ਵਰਿੰਦਰ ਸਿੰਘ ਢਿੱਲੋਂ, ਮਨਮਿੰਦਰ ਔਲਖ, ਗੁਰਮੀਤ ਸਿੰਘ, ਬਲਜੀਤ ਸਿੰਘ ਉੱਭਾ, ਅਮਨਪ੍ਰੀਤ ਮੌੜ, ਧਰਮਿੰਦਰ ਸਿੰਘ ਮਾਨ, ਗੁਰਨਾਮ ਸਿੰਘ ਫੌਜੀ, ਕੁਲਵਿੰਦਰ ਸਿੰਘ ਢਿੱਲੋਂ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।    


Related News