ਕਰੰਟ ਲੱਗਣ ਨਾਲ ਚੰਡੀਗੜ੍ਹ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ

07/16/2019 1:52:55 AM

ਪੰਚਕੂਲਾ/ਚੰਡੀਗੜ੍ਹ,(ਚੰਦਨ): ਸੈਕਟਰ-5 ਸਥਿਤ ਹੁੱਡਾ ਗਰਾਊਂਡ ਵਿਚ ਇਕ ਧਾਰਮਿਕ ਸਮਾਗਮ ਵਿਚ ਆਏ ਚੰਡੀਗੜ੍ਹ ਪੁਲਸ ਦੇ ਸਬ-ਇੰਸਪੈਕਟਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਤੜਕੇ ਸਵੇਰੇ 4 ਵਜੇ ਹੋਈ, ਜਦੋਂ ਪ੍ਰੋਗਰਾਮ ਖਤਮ ਹੋ ਚੁੱਕਿਆ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਬਿਜਲੀ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਡੀ. ਸੀ. ਪੀ. ਕਮਲਦੀਪ ਗੋਇਲ, ਏ. ਸੀ. ਪੀ. ਨੁਪੂਰ ਬਿਸ਼ਨੋਈ, ਸੈਕਟਰ-5 ਥਾਣੇ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਮੌਕੇ ਉੱਤੇ ਪੁੱਜੇ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਫਾਰੈਂਸਿਕ ਟੀਮ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਖੜ੍ਹੇ ਹੁੰਦੇ ਸਮੇਂ ਪੋਲ ਨਾਲ ਲੱਗਿਆ ਹੱਥ
ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਭਾਰਦਵਾਜ (57) ਚੰਡੀਗੜ੍ਹ ਪੁਲਸ ਵਿਚ ਸਬ-ਇੰਸਪੈਕਟਰ ਸਨ। ਉਹ ਪੁਲਸ ਲਾਈਨ ਵਿਚ ਤਾਇਨਾਤ ਸਨ। ਐਤਵਾਰ ਸ਼ਾਮ ਸਾਢੇ 6 ਵਜੇ ਉਹ ਸੈਕਟਰ-5 ਸਥਿਤ ਹੁੱਡਾ ਗਰਾਊਂਡ ਵਿਚ ਆਪਣੀ ਪਤਨੀ ਅਤੇ ਧੀ ਨਾਲ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ। ਇਹ ਦੋ ਦਿਨਾਂ ਦਾ ਪ੍ਰੋਗਰਾਮ ਸੀ ਅਤੇ ਐਤਵਾਰ ਨੂੰ ਸਮਾਪਤੀ ਤੋਂ ਬਾਅਦ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਭਾਰਦਵਾਜ ਟੈਂਟ ਅੰਦਰ ਹੀ ਰੁਕੇ ਸਨ ਕਿਉਂਕਿ ਮੀਂਹ ਪੈ ਰਿਹਾ ਸੀ। ਸਵੇਰੇ ਕਰੀਬ 3 ਵਜੇ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਸਮਾਗਮ ਵਾਲੀ ਥਾਂ ਉੱਤੇ ਲੋਹੇ ਦੇ ਪੋਲ ਉੱਤੇ ਬਿਜਲੀ ਦੀ ਤਾਰ ਲਗਾ ਕੇ ਲਾਈਟਾਂ ਲਾਈਆਂ ਹੋਈਆਂ ਸਨ। ਮੀਂਹ ਨਾਲ ਪੋਲ ਵਿਚ ਕਰੰਟ ਆ ਗਿਆ। ਸਵੇਰੇ ਜਿਵੇਂ ਹੀ ਸੁਰਿੰਦਰ ਸਤਿਸੰਗ ਤੋਂ ਉੱਠਿਆ ਤਾਂ ਉਨ੍ਹਾਂ ਦਾ ਹੱਥ ਬਿਜਲੀ ਦੇ ਪੋਲ ਨਾਲ ਜਾ ਲੱਗਾ। ਹੱਥ ਲਗਦੇ ਹੀ ਉਨ੍ਹਾਂ ਨੂੰ ਕਰੰਟ ਲੱਗਾ ਅਤੇ ਉਹ ਹੇਠਾਂ ਡਿੱਗ ਪਏ। ਮੌਕੇ ਉੱਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸੈਕਟਰ-6 ਸਥਿਤ ਇਕ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰਿੰਦਰ ਚੰਡੀਗੜ੍ਹ ਦੇ ਸੈਕਟਰ-46 ਵਿਚ ਪਰਿਵਾਰ ਸਮੇਤ ਰਹਿੰਦੇ ਸਨ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਏ। ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ।

ਠੇਕੇਦਾਰ ਦੀ ਲਾਪਰਵਾਹੀ ਕਾਰਣ ਗਈ ਜਾਨ
ਸੈਕਟਰ-5 ਥਾਣਾ ਪੁਲਸ ਨੇ ਮ੍ਰਿਤਕ ਸੁਰਿੰਦਰ ਕੁਮਾਰ ਭਾਰਦਵਾਜ ਦੀ ਪਤਨੀ ਮੀਨਾ ਭਾਰਦਵਾਜ ਦੀ ਸ਼ਿਕਾਇਤ 'ਤੇ ਬਿਜਲੀ ਠੇਕੇਦਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਮੀਨਾ ਨੇ ਦੱਸਿਆ ਕਿ ਸੈਕਟਰ-5 ਸਥਿਤ ਹੁੱਡਾ ਗਰਾਊਂਡ ਵਿਚ ਆਯੋਜਿਤ ਧਾਰਮਿਕ ਸਮਾਗਮ ਵਿਚ ਠੇਕੇਦਾਰ ਦੀ ਲਾਪਰਵਾਹੀ ਕਾਰਣ ਬਿਜਲੀ ਦੇ ਪੋਲ ਵਿਚ ਕਰੰਟ ਆਇਆ, ਜਿਸਦੀ ਲਪੇਟ ਵਿਚ ਉਨ੍ਹਾਂ ਦੇ ਪਤੀ ਆ ਗਏ।
 


Related News