ਸਜ਼ਾ ਸੁਣਨ ਤੋਂ ਪਹਿਲਾਂ ਹੀ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਜੇਲ ''ਚ ਤੋੜਿਆ ਦਮ
Sunday, Oct 22, 2017 - 11:17 AM (IST)
ਜਲੰਧਰ(ਮਹੇਸ਼)— ਥਾਣਾ 5 ਵਿਖੇ ਤਾਇਨਾਤ ਪੁਲਸ ਮੁਲਾਜ਼ਮ ਭੁਪਿੰਦਰ ਸਿੰਘ ਦੀ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਪਹਿਲਾਂ ਹੀ ਜੇਲ ਵਿਚ ਮੌਤ ਹੋ ਗਈ। ਭੁਪਿੰਦਰ ਸਿੰਘ ਜਿਸ ਥਾਣੇ ਵਿਚ ਤਾਇਨਾਤ ਸੀ, ਉਸੇ ਥਾਣੇ ਵਿਚ ਉਸ ਦੇ ਖਿਲਾਫ 2014 ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਬਸਤੀ ਸ਼ੇਖ ਘਾਹ ਮੰਡੀ ਚੌਕ ਦੇ ਨੇੜੇ ਇਕ ਘਰ ਵਿਚ ਦਾਖਲ ਹੋ ਕੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਵੀ ਭੁਪਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਸੀ। ਉਸ ਸਮੇਂ ਹੰਗਾਮੇ ਦੀ ਸੂਚਨਾ ਤੋਂ ਬਾਅਦ ਜਲੰਧਰ ਵਿਚ ਏ. ਡੀ. ਸੀ. ਪੀ. ਰਹਿ ਚੁੱਕੇ ਰਵਿੰਦਰਪਾਲ ਸਿੰਘ ਸੰਧੂ ਨੇ ਖੁਦ ਮੌਕੇ 'ਤੇ ਜਾ ਕੇ ਜਾਂਚ ਤੋਂ ਬਾਅਦ ਸਬ-ਇੰਸਪੈਕਟਰ ਭੁਪਿੰਦਰ ਸਿੰਘ ਖਿਲਾਫ ਧਾਰਾ 308 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਸੀ। ਇਸ ਮਹੀਨੇ ਦੀ 17 ਤਰੀਕ ਨੂੰ ਭੁਪਿੰਦਰ ਸਿੰਘ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਜੇਲ ਭੇਜ ਦਿੱਤਾ ਅਤੇ ਉਸ ਨੂੰ ਕਿੰਨੇ ਸਾਲ ਦੀ ਸਜ਼ਾ ਸੁਣਾਉਣੀ ਹੈ, ਉਸ ਦੀ ਤਰੀਕ ਇਸ ਮਹੀਨੇ ਦੀ 21 ਰੱਖੀ ਗਈ ਸੀ ਕਿ ਸਜ਼ਾ ਸੁਣਨ ਤੋਂ ਪਹਿਲਾਂ ਹੀ ਭੁਪਿੰਦਰ ਦੀ ਹਾਲਤ ਬੀਤੀ ਰਾਤ ਜੇਲ 'ਚ ਵਿਗੜ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਭੁਪਿੰਦਰ ਇਨ੍ਹੀਂ ਦਿਨੀਂ ਥਾਣਾ 4 ਵਿਖੇ ਬਤੌਰ ਸਬ-ਇੰਸਪੈਕਟਰ ਤਾਇਨਾਤ ਸੀ, ਜਿਸ ਨੂੰ 17 ਤਰੀਕ ਨੂੰ ਅਦਾਲਤ ਨੇ ਜੇਲ ਭੇਜਿਆ ਗਿਆ ਸੀ।
