Study Visa ''ਤੇ ਵਿਦੇਸ਼ ਭੇਜਣ ਦੇ ਨਾਂ ''ਤੇ 12 ਲੱਖ ਰੁਪਏ ਦੀ ਠੱਗੀ

Friday, Jul 03, 2026 - 04:29 PM (IST)

Study Visa ''ਤੇ ਵਿਦੇਸ਼ ਭੇਜਣ ਦੇ ਨਾਂ ''ਤੇ 12 ਲੱਖ ਰੁਪਏ ਦੀ ਠੱਗੀ

ਲੁਧਿਆਣਾ (ਰਾਜ): ਕਬੂਤਰਬਾਜ਼ੀ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਕ ਮਹਿਲਾ ਨੇ ਜਿਸ ਵਿਅਕਤੀ ਨੂੰ ਆਪਣਾ ਭਰਾ ਮੰਨ ਕੇ ਉਸ ’ਤੇ ਭਰੋਸਾ ਕੀਤਾ ਸੀ, ਉਸੇ ਭਰਾ ਨੇ ਉਸ ਨਾਲ ਵਿਸ਼ਵਾਸਘਾਤ ਕਰ ਦਿੱਤਾ। ਮੁਲਜ਼ਮ ਨੇ ਮਹਿਲਾ ਦੇ ਬੇਟੇ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲਏ ਅਤੇ ਹੁਣ ਪੈਸੇ ਵਾਪਸ ਕਰਨ ਤੋਂ ਮੁੱਕਰ ਰਿਹਾ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਜਾਂਚ ਤੋਂ ਬਾਅਦ ਮਾਡਲ ਗ੍ਰਾਮ ਦੇ ਰਹਿਣ ਵਾਲੇ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਮਹਿਲਾ ਸੋਨੀਆ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਉਸ ਦੇ ਪਰਿਵਾਰ ਦੇ ਕਾਫ਼ੀ ਨਜ਼ਦੀਕ ਸੀ ਅਤੇ ਉਹ ਉਸ ਨੂੰ ਧਰਮ ਦਾ ਭਰਾ ਮੰਨਦੀ ਸੀ। ਮਨਪ੍ਰੀਤ ਨੇ ਸੋਨੀਆ ਨੂੰ ਆਪਣੇ ਝਾਂਸੇ ’ਚ ਲਿਆ ਕਿ ਉਹ ਉਸ ਦੇ ਬੇਟੇ ਰਿਤਿਕ ਨੂੰ ਪੜ੍ਹਾਈ ਦੇ ਅਧਾਰ ’ਤੇ ਵਿਦੇਸ਼ ’ਚ ਸੈੱਟ ਕਰਵਾ ਦੇਵੇਗਾ, ਜਿੱਥੇ ਉਸ ਦਾ ਭਵਿੱਖ ਚਮਕ ਜਾਵੇਗਾ। ਉਸ ’ਤੇ ਭਰੋਸਾ ਕਰਕੇ ਸੋਨੀਆ ਨੇ ਆਪਣੇ ਬੇਟੇ ਰਿਤਿਕ ਦੇ ਸੁਨਹਿਰੀ ਭਵਿੱਖ ਲਈ ਪਾਈ-ਪਾਈ ਜੋੜ ਕੇ ਕੁੱਲ 12 ਲੱਖ ਰੁਪਏ ਮੁਲਜ਼ਮ ਮਨਪ੍ਰੀਤ ਸਿੰਘ ਦੇ ਹਵਾਲੇ ਕਰ ਦਿੱਤੇ।ਰਕਮ ਹੱਥ ’ਚ ਆਉਂਦੇ ਹੀ ਮੁਲਜ਼ਮ ਦੇ ਤੇਵਰ ਬਦਲ ਗਏ। ਜਦੋਂ ਰਿਤਿਕ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਉਹ ਵੀਜ਼ੇ ਨੂੰ ਲੈ ਕੇ ਟਾਲ-ਮਟੋਲ ਕਰਨ ਲੱਗਾ ਤਾਂ ਸੋਨੀਆ ਨੂੰ ਠੱਗੀ ਦਾ ਅਹਿਸਾਸ ਹੋਇਆ।

ਜਦੋਂ ਪੀੜਤ ਪਰਿਵਾਰ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਪੰਚਾਇਤ ਅਤੇ ਦਬਾਅ ਤੋਂ ਬਾਅਦ ਸਿਰਫ਼ 2,20,000 ਰੁਪਏ ਹੀ ਵਾਪਸ ਕੀਤੇ, ਜਦਕਿ ਬਾਕੀ ਬਚਦੀ ਮੋਟੀ ਰਕਮ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਧਮਕੀਆਂ ਦੇਣ ਲੱਗਾ।
 


author

Anmol Tagra

Content Editor

Related News