ਜਲੰਧਰ: ਖਿਡੌਣਾ ਪਿਸਤੌਲ ਨਾਲ ਖੇਡ ਰਹੇ ਸਨ ਵਿਦਿਆਰਥੀ, ਵੀਡੀਓ ਵਾਇਰਲ ਹੋਣ 'ਤੇ ਪੁਲਸ ਨੂੰ ਪਈਆਂ ਭਾਜੜਾਂ
Friday, Jul 22, 2022 - 06:57 PM (IST)
ਜਲੰਧਰ (ਮਹੇਸ਼)– ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਦਕੋਹਾ ਵਿਚ 10ਵੀਂ ਅਤੇ 12ਵੀਂ ਜਮਾਤ ਦੇ 15 ਤੋਂ 17 ਸਾਲ ਦੇ ਉਮਰ ਦੇ 3 ਵਿਦਿਆਰਥੀ ਰਾਤ ਸਮੇਂ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਜਾ ਰਹੇ ਸਨ ਅਤੇ ਰਸਤੇ ਵਿਚ ਖੜ੍ਹੇ ਹੋ ਕੇ 100 ਤੋਂ 150 ਰੁਪਏ ਦੀ ਕੀਮਤ ਵਾਲੇ ਲਾਈਟਰ ਵਰਗੇ ਖਿਡੌਣਾ ਪਿਸਤੌਲ ਨਾਲ ਖੇਡਣ ਲੱਗ ਪਏ। ਕੁਝ ਰਾਹਗੀਰ ਲੋਕਾਂ ਨੂੰ ਉਨ੍ਹਾਂ ਨੂੰ ਵੇਖ ਕੇ ਲੱਗਾ ਕਿ ਉਹ ਗੈਂਗਸਟਰ ਹਨ ਅਤੇ ਦਕੋਹਾ ਵਿਚ ਦਾਖ਼ਲ ਹੋ ਗਏ ਹਨ, ਜਿਨ੍ਹਾਂ ਕੋਲ ਪਿਸਤੌਲ ਵੀ ਹਨ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਵਿਚ ਵੀ ਭਾਜੜਾਂ ਮਚ ਗਈਆਂ ਅਤੇ ਦਕੋਹਾ ਨਿਵਾਸੀਆਂ ਵਿਚ ਵੀ ਖ਼ੌਫ਼ ਪੈਦਾ ਹੋ ਗਿਆ। ਪੁਲਸ ਕੋਲ ਸੂਚਨਾ ਪਹੁੰਚਦੇ ਹੀ ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਦੇ ਇੰਚਾਰਜ ਮੁਨੀਸ਼ ਭਾਰਦਵਾਜ ਨੇ ਉੱਚ ਪੁਲਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਲਸ ਫੋਰਸ ਸਮੇਤ ਦਕੋਹਾ ਵਿਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਕੋਈ ਵੀ ਗੈਂਗਸਟਰ ਦਕੋਹਾ ਵਿਚ ਨਹੀਂ ਆਇਆ ਸੀ। ਸੋਸ਼ਲ ਮੀਡੀਆ ’ਤੇ ਗਲਤ ਅਫ਼ਵਾਹ ਫ਼ੈਲਾਅ ਦਿੱਤੀ ਗਈ ਸੀ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ।
ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
ਏ. ਸੀ. ਪੀ. ਸੈਂਟਰਲ ਨੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਦਫ਼ਤਰ ਬੁਲਾਇਆ, ਚਿਤਾਵਨੀ ਦੇ ਕੇ ਛੱਡਿਆ
ਖਿਡੌਣਾ ਪਿਸਤੌਲ ਨਾਲ ਖੇਡਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਏ. ਸੀ. ਪੀ. ਸੈਂਟਰਲ ਅਸ਼ਵਨੀ ਕੁਮਾਰ ਅੱਤਰੀ ਨੇ ਆਪਣੇ ਆਫਿਸ ਵਿਚ ਬੁਲਾਇਆ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।
ਏ. ਸੀ. ਪੀ. ਨੇ ਗੱਲਬਾਤ ਦੌਰਾਨ ‘ਜਗ ਬਾਣੀ’ ਨੂੰ ਦੱਸਿਆ ਕਿ ਦਕੋਹਾ ਵਿਚ ਗੈਂਗਸਟਰਾਂ ਦੇ ਦਾਖ਼ਲ ਹੋਣ ਦੀ ਸੂਚਨਾ ਝੂਠੀ ਅਤੇ ਬੇਬੁਨਿਆਦ ਸੀ। ਬਿਨਾਂ ਕਿਸੇ ਜਾਣਕਾਰੀ ਦੇ ਮਾਮਲੇ ਨੂੰ ਉਛਾਲ ਦੇਣ ਕਾਰਨ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ। ਉਕਤ ਬੱਚੇ ਚਾਨਣ ਚੌਕ ਦਕੋਹਾ ਨੇੜੇ ਰਹਿੰਦੇ ਹਨ ਅਤੇ ਚੰਗੇ ਘਰਾਂ ਨਾਲ ਸਬੰਧਤ ਹੋਣ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਵਧੀਆ ਹਨ। ਉਨ੍ਹਾਂ ਵਿਚੋਂ ਕਿਸੇ ਨੇ ਲਾਈਟਰ ਵਰਗਾ ਖਿਡੌਣਾ ਪਿਸਤੌਲ, ਜਿਸ ਦੀ ਕੀਮਤ 100 ਰੁਪਏ ਦੇ ਨੇੜੇ-ਤੇੜੇ ਹੋਵੇਗੀ, ਦੁਕਾਨ ਤੋਂ ਖ਼ਰੀਦਿਆ ਸੀ। ਟਿਊਸ਼ਨ ਤੋਂ ਘਰ ਜਾਣ ਸਮੇਂ ਉਹ ਖੜ੍ਹੇ ਹੋ ਕੇ ਆਪਸ ਵਿਚ ਖੇਡਣ ਲੱਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਉਂਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਬੱਚਿਆਂ ਨੇ ਕਿਹਾ ਕਿ ਭਵਿੱਖ ਵਿਚ ਉਹ ਅਜਿਹੀ ਗਲਤੀ ਕਦੀ ਨਹੀਂ ਕਰਨਗੇ।
ਸਮੇਂ-ਸਮੇਂ ’ਤੇ ਚੈੱਕ ਕੀਤੇ ਜਾਂਦੇ ਹਨ ਸਾਰੇ ਪੀ. ਜੀ.: ਚੌਂਕੀ ਇੰਚਾਰਜ
ਦਕੋਹਾ ਪੁਲਸ ਚੌਂਕੀ ਦੇ ਇੰਚਾਰਜ ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਦਕੋਹਾ ਪੁਲਸ ਚੌਂਕੀ ਅਧੀਨ ਦਕੋਹਾ ਅਤੇ ਨੇੜਲੇ ਇਲਾਕਿਆਂ ਵਿਚ ਬਣੇ ਸਾਰੇ ਪੀ. ਜੀ. ਸਮੇਂ-ਸਮੇਂ ’ਤੇ ਉਨ੍ਹਾਂ ਵੱਲੋਂ ਚੈੱਕ ਕੀਤੇ ਜਾਂਦੇ ਹਨ। ਪੀ. ਜੀ. ਵਿਚ ਰਹਿਣ ਵਾਲੇ ਲੋਕਾਂ ਦੀ ਪੁਲਸ ਨੂੰ ਸੂਚਨਾ ਨਾ ਦੇਣ ’ਤੇ ਪੀ. ਜੀ. ਮਾਲਕਾਂ ’ਤੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ। ਪੀ. ਸੀ. ਆਰ. ਟੀਮ ਤੋਂ ਇਲਾਵਾ ਦਕੋਹਾ ਚੌਕੀ ਦੀ ਪੁਲਸ ਵੱਲੋਂ ਦਿਨ ਤੇ ਰਾਤ ਸਮੇਂ ਗਸ਼ਤ ਵੀ ਕੀਤੀ ਜਾਂਦੀ ਹੈ। ਖਾਸ ਕਰ ਕੇ ਨੰਗਲਸ਼ਾਮਾ ਚੌਕ ਵਿਚ ਪੁਲਸ ਦੇ ਲੱਗੇ ਪੱਕੇ ਨਾਕੇ ’ਤੇ ਖੜ੍ਹੇ ਮੁਲਾਜ਼ਮਾਂ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ। ਚੌਂਕੀ ਇੰਚਾਰਜ ਮੁਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਖ਼ੁਦ ਰਾਤ ਸਮੇਂ ਫੀਲਡ ਵਿਚ ਉਤਰ ਕੇ ਰਾਤ ਦੀ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਚੈੱਕ ਵੀ ਕਰਦੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ