ਤਸਵੀਰਾਂ ਭੇਜ ਦੋ ਵਾਰੀ ਤੁੜਵਾਇਆ ਕੁੜੀ ਦਾ ਰਿਸ਼ਤਾ, ਅਖੀਰ ''ਚ ਚੁੱਕਿਆ ਖੌਫਨਾਕ ਕਦਮ
Saturday, Feb 15, 2020 - 04:51 PM (IST)
ਟਾਂਡਾ ਉੜਮੁੜ (ਪੰਡਿਤ) : ਖਰਲ ਖੁਰਦ ਨਿਵਾਸੀ ਬੀ. ਏ. ਦੀ ਵਿਦਿਆਰਥਣ ਨੇ ਨੌਜਵਾਨ ਵੱਲੋਂ ਬਲੈਕਮੇਲ ਕਰਨ ਦੇ ਚੱਲਦੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਲੜਕੀ ਦੀ ਮੌਤ ਤੋਂ ਬਾਅਦ ਉਸਦੀ ਮਾਤਾ ਤੋਸ਼ੀ ਪਤਨੀ ਸਤਵਿੰਦਰ ਸਿੰਘ ਵਾਸੀ ਖਰਲ ਖੁਰਦ ਦੇ ਬਿਆਨ ਦੇ ਅਧਾਰ 'ਤੇ ਮਨਜੀਤ ਸਿੰਘ ਹੈਪੀ ਪੁੱਤਰ ਸਿਕੰਦਰ ਸਿੰਘ ਵਾਸੀ ਚੋਲਾਂਗ ਖਿਲਾਫ ਮਰਨ ਲਈ ਮਜਬੂਰ ਕਰਨ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਤੋਸ਼ੀ ਨੇ ਦੱਸਿਆ ਕਿ ਉਸਦੀ 21 ਵਰ੍ਹਿਆਂ ਦੀ ਧੀ ਜੋ ਬੀ. ਏ. ਦੀ ਪੜ੍ਹਾਈ ਕਰ ਰਹੀ ਸੀ ਉਸਦੀ ਉਕਤ ਮੁਲਜ਼ਮ ਨਾਲ ਦੋਸਤੀ ਪਿਛਲੇ ਦੋ ਸਾਲ ਤੋਂ ਸੀ। ਇਸ ਦੌਰਾਨ ਉਕਤ ਮੁਲਜ਼ਮ ਨੇ ਉਸਦੀ ਬੇਟੀ ਨਾਲ ਮੋਬਾਇਲ ਵਿਚ ਤਸਵੀਰਾਂ ਖਿੱਚ ਲਈਆਂ ਤੇ ਬਾਅਦ ਵਿਚ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ।
ਇਸ ਦੌਰਾਨ ਉਨ੍ਹਾਂ ਜਦੋਂ ਦੋ ਵਾਰ ਜਾਜਾ ਅਤੇ ਫਿਰ ਛਾਂਗਲਾ ਵਿਖੇ ਉਸਦੇ ਵਿਆਹ ਲਈ ਰਿਸ਼ਤਾ ਹੋਇਆ ਤਾਂ ਹੈਪੀ ਨੇ ਉਸਦੀਆਂ ਤਸਵੀਰਾਂ ਦਿਖਾ ਕੇ ਰਿਸ਼ਤੇ ਤੁੜਵਾ ਦਿੱਤੇ। ਜਿਸ ਕਰਕੇ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਕਾਫੀ ਬਦਨਾਮੀ ਹੋਈ। ਹੈਪੀ ਨੇ ਉਸਦੀ ਬੇਟੀ ਨੂੰ ਧਮਕਾਇਆ ਕਿ ਜਿੱਥੇ ਵੀ ਉਸਦਾ ਰਿਸ਼ਤਾ ਹੋਇਆ ਹੋ ਤੁੜਵਾ ਦੇਵੇਗਾ। ਬਦਨਾਮੀ ਕਾਰਨ ਉਸਦੀ ਬੇਟੀ ਪ੍ਰੇਸ਼ਾਨ ਰਹਿਣ ਲੱਗੀ। 29 ਜਨਵਰੀ ਨੂੰ ਜਦੋਂ ਉਹ ਘਰ ਵਿਚ ਉਲਟੀਆਂ ਕਰਨ ਲੱਗੀ ਤਾਂ ਪੁੱਛਣ ਤੇ ਉਸਨੇ ਦੱਸਿਆ ਕਿ ਉਸਨੇ ਹੈਪੀ ਦੇ ਘਰ ਜਾ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਉਸਦੀਆਂ ਫੋਟੋ ਡਲੀਟ ਕਰ ਦੇਵੇ ਪਰੰਤੂ ਉਹ ਉਸਦੀ ਬਦਨਾਮੀ ਕਰਨ ਦੀਆਂ ਧਮਕੀਆਂ ਦਿੰਦਾ ਰਿਹਾ ਜਿਸ ਕਰਕੇ ਉਸਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਉਸਨੂੰ ਤੁਰੰਤ ਟਾਂਡਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸਦੀ ਹਲਾਤ ਗੰਭੀਰ ਹੋਣ ਕਾਰਨ ਜਲੰਧਰ ਰੈਫਰ ਕੀਤਾ ਗਿਆ ਸੀ ਜਿੱਥੇ ਇਲਾਜ ਦੌਰਾਨ 13 ਫਰਵਰੀ ਦੀ ਰਾਤ ਉਸਦੀ ਮੌਤ ਹੋ ਗਈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।