9ਵੀਂ ਕਲਾਸ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਭਾਖੜਾ ਨਹਿਰ ’ਚੋਂ ਮਿਲੀ ਲਾਸ਼

Wednesday, Jan 13, 2021 - 05:25 PM (IST)

9ਵੀਂ ਕਲਾਸ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਭਾਖੜਾ ਨਹਿਰ ’ਚੋਂ ਮਿਲੀ ਲਾਸ਼

ਸਮਾਣਾ (ਦਰਦ) : ਬੀਤੇ ਦਿਨੀਂ ਇਕ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼ ਸ਼ੱਕੀ ਹਾਲਾਤ ਵਿਚ ਭਾਖੜਾ ਨਹਿਰ ਜੋੜਾਮਾਜਰਾ ਪੁੱਲ ਤੋਂ ਮਿਲਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਭਾਈਕਾ ਦਾ ਜਸਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਡੀ.ਏ.ਵੀ. ਸਕੂਲ ਦਾ 9ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਪੇਪਰ ਦੇਣ ਤੋਂ ਬਾਅਦ ਜਦੋਂ ਸ਼ਾਮ ਤੱਕ ਘਰ ਵਾਪਸ ਨਾ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਸ ਦੀ ਲਾਸ਼ ਸਕੂਲੀ ਬੈਗ ਸਣੇ ਭਾਖੜਾ ਨਹਿਰ ਵਿਚ ਤੈਰਦੀ ਹੋਈ ਜੋੜਾਮਾਜਰਾ ਪੁੱਲ ਨੇੜਿਓਂ ਮਿਲੀ। ਮਿ੍ਰਤਕ ਦੀ ਲਾਸ਼ ਨੂੰ ਵਾਰਸਾਂ ਨੇ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ। ਮਿ੍ਰਤਕ ਦੇ ਪਿਤਾ ਨੇ ਆਪਣੇ ਪੁੱਤਰ ਦੀ ਮੌਤ ’ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਇਸ ਤਰ੍ਹਾਂ ਨਹੀਂ ਕਰ ਸਕਦਾ। ਪੁਲਸ ਨੂੰ ਇਸ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕਰਨੀ ਚਾਹੀਦੀ ਹੈ।

ਪੁਲਸ ਨੇ ਮਿ੍ਰਤਕ ਦੇ ਪਿਤਾ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਮਾਮਲੇ ਵਿਚ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮਿ੍ਰਤਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਮਵੀ ਪੁਲਸ ਚੌਂਕੀ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਭਵਾਨੀਗੜ੍ਹ ਚੌਂਕ ਤੋਂ ਲੈ ਕੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News