3 ਵਜੇ ਤੱਕ ਉਡੀਕ ਕਰਦੇ ਰਹੇ ਵਿਦਿਆਰਥੀ
Wednesday, Mar 21, 2018 - 08:27 AM (IST)

ਪਟਿਆਲਾ (ਪ੍ਰਤਿਭਾ) - ਸੀ. ਬੀ. ਐੱਸ. ਈ. ਦੇ ਅੰਗਰੇਜ਼ੀ ਦੇ ਪੇਪਰ ਲੀਕ ਹੋਣ ਦੀ ਖਬਰ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤਹਿਤ 12ਵੀਂ ਗਣਿਤ ਦਾ ਪੇਪਰ ਲੀਕ ਹੋਣ ਉਪਰੰਤ ਇਸ ਨੂੰ ਰੱਦ ਕਰ ਦਿੱਤਾ ਗਿਆ। ਸੂਬੇ ਭਰ ਵਿਚ ਪੇਪਰ ਲੀਕ ਹੋਣ ਦੀ ਖਬਰ ਫੈਲਦੇ ਹੀ ਸੈਂਟਰਾਂ ਵਿਚ 2 ਵਜੇ ਹੋਣ ਵਾਲਾ ਪੇਪਰ ਰੱਦ ਕਰਨ ਦੇ ਹੁਕਮ ਜਾਰੀ ਹੋ ਗਏ। ਇਸ ਗੱਲ ਦਾ ਪੂਰਾ ਅਸਰ ਜ਼ਿਲੇ ਦੇ ਸਾਰੇ ਸੈਂਟਰਾਂ ਵਿਚ ਦੇਖਣ ਨੂੰ ਮਿਲਿਆ। ਪਹਿਲਾਂ ਤਾਂ ਇਹ ਚਰਚਾ ਰਹੀ ਕਿ 2 ਵਜੇ ਵਾਲਾ ਪੇਪਰ ਰੱਦ ਕਰ ਕੇ ਤੁਰੰਤ ਬਦਲਵਾਂ ਪੇਪਰ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ। ਇਸ ਤੋਂ ਬਾਅਦ 3 ਵਜੇ ਪੇਪਰ ਲਿਆ ਜਾਵੇਗਾ ਪਰ ਆਖਰੀ ਫੈਸਲੇ 'ਤੇ ਪੇਪਰ ਨੂੰ ਕੈਂਸਲ ਕਰ ਦਿੱਤਾ ਗਿਆ ਹੈ।
ਹੁਣ ਇਹ ਪੇਪਰ 31 ਮਾਰਚ ਨੂੰ ਹੋਣਾ ਤੈਅ ਹੋਇਆ ਹੈ। ਦੂਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਪੇਪਰ ਦੀ ਤਿਆਰੀ ਪੂਰੀ ਸੀ। ਜੇਕਰ ਹੋ ਜਾਂਦਾ ਤਾਂ ਟੈਨਸ਼ਨ ਘੱਟ ਹੁੰਦੀ। ਹੁਣ ਫਿਰ ਤੋਂ ਤਿਆਰੀ ਕਰਨੀ ਹੋਵੇਗੀ।