ਵਿਦਿਆਰਥੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਆਤਮਹੱਤਿਆ
Thursday, Mar 01, 2018 - 11:09 PM (IST)
ਹੁਸ਼ਿਆਰਪੁਰ/ਨਸਰਾਲਾ, (ਅਮਰਿੰਦਰ, ਚੁੰਬਰ)- ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ 'ਤੇ ਅੱਜ ਤੜਕੇ ਨਸਰਾਲਾ ਰੇਲਵੇ ਪੁਲ ਦੇ ਕੋਲ ਰੇਲ ਗੱਡੀ ਅੱਗੇ ਛਾਲ ਮਾਰ ਕੇ 12ਵੀਂ ਜਮਾਤ ਦੇ ਵਿਦਿਆਰਥੀ ਸੌਰਵ (19) ਪੁੱਤਰ ਸੁਖਦੇਵ ਸਿੰਘ ਵਾਸੀ ਪਿਆਲਾਂ ਨੇ ਆਤਮਹੱਤਿਆ ਕਰ ਲਈ। ਅੱਜ ਸਵੇਰੇ ਜਦੋਂ ਸੌਰਵ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਨ ਨਿਕਲੇ ਤਾਂ ਰੇਲਵੇ ਟਰੈਕ ਦੇ ਬਾਹਰ ਸੌਰਵ ਦੀ ਲਾਸ਼ ਦੇਖੀ। ਆਸ-ਪਾਸ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ.² ਚੌਕੀ ਇੰਚਾਰਜ ਹੈੱਡ ਕਾਂਸਟੇਬਲ ਮੰਗਤ ਅਲੀ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸੌਰਵ ਘਰ ਦਾ ਇਕਲੌਤਾ ਚਿਰਾਗ ਸੀ।

ਵਰਣਨਯੋਗ ਹੈ ਕਿ ਮ੍ਰਿਤਕ ਸੌਰਵ ਨਸਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੱਲ ਕਾਰਨ ਮਾਨਸਿਕ ਪ੍ਰੇਸ਼ਾਨੀ 'ਚ ਚੱਲ ਰਿਹਾ ਸੀ। ਅੱਜ ਤੜਕੇ ਕਰੀਬ 4 ਵਜੇ ਉਹ ਘਰੋਂ ਨਿਕਲਿਆ ਸੀ ਅਤੇ ਜਦੋਂ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਤੇ ਉਹ ਉਨ੍ਹਾਂ ਨੂੰ ਮ੍ਰਿਤਕ ਹਾਲਤ 'ਚ ਮਿਲਿਆ।
ਕੀ ਕਹਿੰਦੀ ਹੈ ਪੁਲਸ?
ਜੀ. ਆਰ. ਪੀ. ਚੌਕੀ ਇੰਚਾਰਜ ਮੰਗਤ ਅਲੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੀ ਲੋੜੀਂਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
