ਚੰਡੀਗੜ੍ਹ ਦੇ ਸਕੂਲ 'ਚ ਵੱਡੀ ਘਟਨਾ, 9ਵੀਂ ਦੇ ਵਿਦਿਆਰਥੀ ਨੇ ਹੈੱਡਮਾਸਟਰ ਦੇ ਸਿਰ 'ਤੇ ਮਾਰੀ ਲੋਹੇ ਦੀ ਰਾਡ
Thursday, Nov 30, 2023 - 10:14 AM (IST)
ਚੰਡੀਗੜ੍ਹ (ਆਸ਼ੀਸ਼) : ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-19 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡਮਾਸਟਰ ਕੇਸਰ ਸਿੰਘ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਸਨੂੰ ਲਹੂ-ਲੁਹਾਨ ਕਰ ਦਿੱਤਾ। ਹੈੱਡਮਾਸਟਰ ਦੇ ਸਿਰ ’ਤੇ 6 ਟਾਂਕੇ ਲੱਗੇ ਹਨ। ਉੱਥੇ ਹੀ ਆਪਣਾ ਬਚਾਅ ਕਰਦਿਆਂ ਉਨ੍ਹਾਂ ਦੇ ਹੱਥ 'ਚ ਫਰੈਕਚਰ ਵੀ ਆ ਗਿਆ। ਮੁਲਜ਼ਮ ਬੱਚਾ ਕਿਸ਼ਨਗੜ੍ਹ ਦਾ ਰਹਿਣ ਵਾਲਾ ਹੈ। ਅਧਿਆਪਕ ਤੁਰੰਤ ਹੈੱਡਮਾਸਟਰ ਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲੈ ਗਏ ਅਤੇ ਸੈਕਟਰ-19 ਥਾਣਾ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਹਮਲਾ ਕਰਨ ਵਾਲੇ ਵਿਦਿਆਰਥੀ ਨੂੰ ਫੜ੍ਹ ਲਿਆ, ਜਿਸ ਤੋਂ ਸੈਕਟਰ-19 ਥਾਣੇ ਵਿਚ ਪੁੱਛਗਿੱਛ ਕੀਤੀ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਅਧਿਆਪਕ ਸੈਕਟਰ-16 ਦੇ ਹਸਪਤਾਲ 'ਚ ਪੁੱਜੇ ਅਤੇ ਸਕੂਲਾਂ 'ਚ ਸੁਰੱਖਿਆ ਸਬੰਧੀ ਚਿੰਤਾ ਪ੍ਰਗਟਾਈ। ਪੁਲਸ ਵਲੋਂ ਫੜ੍ਹੇ ਜਾਣ ਦੇ ਬਾਵਜੂਦ ਦੋਸ਼ੀ ਬੱਚਾ ਹੈੱਡਮਾਸਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਜ਼ਖ਼ਮੀ ਹੈੱਡ ਮਾਸਟਰ ਦੀ ਪਤਨੀ ਸੈਕਟਰ-21 ਦੇ ਸਰਕਾਰੀ ਸਕੂਲ 'ਚ ਅਧਿਆਪਕਾ ਹੈ, ਜਦੋਂ ਕਿ ਪੁੱਤਰ ਆਈ. ਟੀ. ਪਾਰਕ 'ਚ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ। ਹਸਪਤਾਲ 'ਚ ਮੌਜੂਦ ਅਧਿਆਪਕ ਭਾਗ ਸਿੰਘ ਨੇ ਦੱਸਿਆ ਕਿ ਸਕੂਲ 'ਚ ਕਈ ਦਿਨਾਂ ਤੋਂ ਕੁੜੀਆਂ ਦੀ ਕ੍ਰਿਕਟ ਟੀਮ ਦੇ ਟ੍ਰਾਇਲ ਚੱਲ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ
ਨਾਲ ਲੱਗਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਨੌਵੀਂ ਜਮਾਤ 'ਚ ਪੜ੍ਹਦਾ ਮੁਲਜ਼ਮ ਵਿਦਿਆਰਥੀ ਵਾਰ-ਵਾਰ ਗਰਾਊਂਡ 'ਚ ਆਉਂਦਾ ਸੀ, ਜਿਸ ਕਾਰਨ ਹੈੱਡਮਾਸਟਰ ਕੇਸਰ ਸਿੰਘ ਉਸ ਨੂੰ ਸਕੂਲ ਵਾਪਸ ਜਾਣ ਲਈ ਕਹਿੰਦੇ ਸਨ। ਬੁੱਧਵਾਰ ਵੀ ਜਦੋਂ ਵਿਦਿਆਰਥੀ ਮੈਦਾਨ 'ਚ ਆਇਆ ਤਾਂ ਹੈੱਡਮਾਸਟਰ ਨੇ ਉਸ ਨੂੰ ਅਨੁਸ਼ਾਸਨ 'ਚ ਰਹਿਣ ਦੀ ਗੱਲ ਕਹਿ ਕੇ ਵਾਪਸ ਜਾਣ ਲਈ ਕਿਹਾ। ਇਸ ਗੱਲ ਤੋਂ ਵਿਦਿਆਰਥੀ ਗੁੱਸੇ 'ਚ ਆ ਗਿਆ ਅਤੇ ਹੈੱਡ ਮਾਸਟਰ ’ਤੇ ਨਜ਼ਰ ਰੱਖਣ ਲੱਗਾ। ਬੁੱਧਵਾਰ ਦੁਪਹਿਰ ਸਾਢੇ 12 ਵਜੇ ਹੈੱਡਮਾਸਟਰ ਕੇਸਰ ਸਿੰਘ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਕੰਟੀਨ 'ਚ ਚਾਹ ਪੀਣ ਗਏ ਸਨ। ਬੱਚੇ ਨੇ ਉਨ੍ਹਾਂ ਨੂੰ ਦੇਖਿਆ ਅਤੇ ਵਾਪਸ ਆਉਂਦੇ ਸਮੇਂ ਹੈੱਡਮਾਸਟਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹੈੱਡਮਾਸਟਰ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ ਅਤੇ ਉਹ ਹੇਠਾਂ ਡਿੱਗ ਗਏ। ਇਸ ਦੇ ਬਾਵਜੂਦ ਮੁਲਜ਼ਮ ਬੱਚਾ ਨਹੀਂ ਰੁਕਿਆ ਅਤੇ ਉਨ੍ਹਾਂ ਦੇ ਬੁਰੀ ਤਰ੍ਹਾਂ ਲਹੂ-ਲੁਹਾਨ ਹੋਣ ਦੇ ਬਾਵਜੂਦ ਵੀ ਵਾਰ ਕਰਦਾ ਰਿਹਾ। ਇਸ ਦੇ ਬਾਅਦ ਅਧਿਆਪਕ ਭਾਗ ਸਿੰਘ ਅਤੇ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਬੱਚਿਆਂ ਨੇ ਮੁਲਜ਼ਮ ਬੱਚੇ ਨੂੰ ਕਾਬੂ ਕੀਤਾ। ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਸਕੂਲ 'ਚ ਹੀ ਕੁੱਝ ਟੁੱਟੇ ਹੋਏ ਬੈਂਚ ਅਤੇ ਸਕਰੈਪ ਪਿਆ ਹੈ, ਇੱਥੋਂ ਹੀ ਉਸ ਨੇ ਲੋਹੇ ਦੀ ਰਾਡ ਚੁੱਕੀ ਸੀ।
ਇਹ ਵੀ ਪੜ੍ਹੋ : ਸਾਬਕਾ CM ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਰਾਹਤ, ਹਾਈਕੋਰਟ ਨੇ ਦਿੱਤੀ ਪੈਰੋਲ
ਵਿਰੋਧ : ਅੱਜ 2 ਘੰਟੇ ਪੜ੍ਹਾਈ ਦਾ ਕੰਮ ਬੰਦ ਰੱਖਣ ਦਾ ਫ਼ੈਸਲਾ
ਜੁਆਇੰਟ ਐਕਸ਼ਨ ਕਮੇਟੀ ਆਫ ਟੀਚਰ ਯੂ. ਟੀ. ਦੇ ਪ੍ਰਧਾਨ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਦੀ ਹੰਗਾਮੀ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਦੁਪਹਿਰ 12 ਤੋਂ 2 ਵਜੇ ਤਕ ਪੜ੍ਹਾਉਣ ਦਾ ਕੰਮ ਬੰਦ ਰੱਖਿਆ ਜਾਵੇਗਾ। ਯੂਨੀਅਨ ਮੈਂਬਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਕੂਲਾਂ 'ਚ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਸਕੂਲਾਂ 'ਚ ਅਧਿਆਪਕਾਂ ਨਾਲ ਕੁੱਟਮਾਰ ਵਰਗੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਲਈ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਸੁਰੱਖਿਆ ਸਬੰਧੀ ਯੋਗ ਕਦਮ ਚੁੱਕਣ ਦੀ ਲੋੜ ਹੈ। ਇਸ ਮਾਮਲੇ 'ਚ ਵੀ ਵਿਭਾਗ ਨੂੰ ਮੁਲਜ਼ਮ ਬੱਚੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਦੂਜੇ ਸਕੂਲਾਂ ਦੇ ਬੱਚੇ ਅਧਿਆਪਕ ਨਾਲ ਦੁਰਵਿਵਹਾਰ ਨਾ ਕਰਨ।
ਬੱਚਾ ਸਕੂਲ ਨਹੀਂ ਆਵੇਗਾ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਲਈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਇਸ ਲਈ ਸਕੂਲ ਦਾ ਦੌਰਾ ਕੀਤਾ ਹੈ ਤੇ ਸਬੰਧਿਤ ਧਿਰਾਂ ਨਾਲ ਗੱਲ ਕਰ ਕੇ ਰਿਪੋਰਟ ਲਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਦੋਂ ਤੱਕ ਸਬੰਧਿਤ ਬੱਚਾ ਸਕੂਲ ਨਹੀਂ ਆਵੇਗਾ। ਸੁਰੱਖਿਅਤ ਵਾਤਾਵਰਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8