ਪ੍ਰਦਰਸ਼ਨ ਕਰ ਰਹੇ ਪੀ. ਐੈੱਸ. ਯੂ. ਦੇ ਆਗੂ ਗ੍ਰਿਫਤਾਰ, ਰਿਹਾਅ
Tuesday, Apr 17, 2018 - 08:04 AM (IST)
ਪਟਿਆਲਾ (ਜ. ਬ.) - ਪੰਜਾਬ ਸਟੂਡੈਂਟਸ ਯੂਨੀਅਨ (ਪੀ. ਐੈੱਸ. ਯੂ.) ਨਾਲ ਜੁੜੇ ਵਿਦਿਆਰਥੀਆਂ ਨੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਜੰਮੂ ਦੇ ਕਠੂਆ ਵਿਚ 8 ਸਾਲਾ ਬੱਚੀ ਆਸਿਫਾ ਅਤੇ ਉਮਾਉ (ਯੂ. ਪੀ.) ਦੀ ਨਾਬਾਲਗ ਬੱਚੀ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਆਗੂਆਂ ਨੂੰ ਗੱਲਬਾਤ ਲਈ ਦਫਤਰ ਬੁਲਾਇਆ ਗਿਆ। ਪੁਲਸ ਪ੍ਰਸ਼ਾਸਨ ਨੇ ਬੇਲੋੜੀ ਦਖਲਅੰਦਾਜ਼ੀ ਕਰ ਕੇ ਵਿਦਿਆਰਥੀ ਆਗੂਆਂ ਹਰਦੀਪ ਢੱਡਰੀਆਂ, ਗੁਰਵਿੰਦਰ ਬਾਗੜੀਆ ਤੇ ਕਿਰਪਾਲ ਸਿੰਘ ਨੂੰ ਜਬਰੀ ਗ੍ਰਿਫਤਾਰ ਕਰ ਲਿਆ। ਇਸ ਦੀ ਜਾਣਕਾਰੀ ਮਿਲਦਿਆਂ ਹੀ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਅਤੇ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਆਗੂ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਰਾਜੀਵ ਲੋਹਟਬੱਧੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਟੌਹੜਾ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਸ਼੍ਰੀ ਨਾਥ ਜੀ, ਗੈਸ ਏਜੰਸੀ ਵਰਕਰ ਯੂਨੀਅਨ ਤੇ ਕਸ਼ਮੀਰ ਬਿੱਲਾ ਸਮੇਤ ਵੱਡੀ ਗਿਣਤੀ ਵਿਚ ਗ੍ਰਿਫਤਾਰੀ ਦੇ ਵਿਰੋਧ 'ਚ ਡਵੀਜ਼ਨ ਨੰਬਰ 2 ਥਾਣਾ ਵਿਖੇ ਪਹੁੰਚ ਗਏ। ਜਨਤਕ ਰੋਹ ਅੱਗੇ ਝੁਕਦਿਆਂ ਪੁਲਸ ਪ੍ਰਸ਼ਾਸਨ ਨੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕਰ ਦਿੱਤਾ।
ਇਸ ਮੌਕੇ ਵਿਦਿਆਰਥੀ ਆਗੂ ਖੁਸ਼ਵਿੰਦਰ ਸਿੰਘ, ਗੁਰਸੇਵਕ ਸਿੰਘ, ਹਰਦੀਪ ਢੱਡਰੀਆਂ ਤੇ ਲਖਵਿੰਦਰ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਅਖਵਾਏ ਜਾਣ ਵਾਲੇ ਦੇਸ਼ ਅੰਦਰ ਕਠੂਆ ਤੇ ਉਮਾਉ ਦੀਆਂ ਮਾਸੂਮ ਬੱਚੀਆਂ ਦੇ ਕਾਤਲਾਂ ਤੇ ਜਬਰ-ਜ਼ਨਾਹੀਆਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ ਕਰਨ ਵਾਲੇ ਹਿਰਾਸਤ ਵਿਚ ਲੈਣੇ ਬੇਲੋੜੀ ਕਾਰਵਾਈ ਹੈ। ਇਹ ਨਿੰਦਣਯੋਗ ਹੈ ਅਤੇ ਲੋਕਤੰਤਰ 'ਤੇ ਸਵਾਲੀਆ ਨਿਸ਼ਾਨ ਹੈ।
ਆਗੂਆਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਵਿਸ਼ਵ ਪੱਧਰ 'ਤੇ ਆਵਾਜ਼ ਉੱਠ ਰਹੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀ ਤਿੱਖਾ ਸੰਘਰਸ਼ ਕਰਨਗੇ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅਜਿਹੀਆਂ ਗ੍ਰਿਫਤਾਰੀਆਂ ਲੋਕ ਲਹਿਰਾਂ ਦਾ ਰਸਤਾ ਨਹੀਂ ਰੋਕ ਸਕਦੀਆਂ।
