ਵਿਦਿਆਰਥੀ 79, ਅਧਿਆਪਕ ਸਿਰਫ 1
Sunday, Aug 06, 2017 - 07:17 AM (IST)
ਮਹਿਤਪੁਰ, (ਸੂਦ)- ਮੰਡ ਦੇ ਪਿੰਡ ਛੋਹਲੇ ਦਾ ਸਰਕਾਰੀ ਮਿਡਲ ਸਕੂਲ ਜਿੱਥੇ 79 ਬੱਚੇ ਗਿਆਨ ਪ੍ਰਾਪਤ ਕਰਨ ਲਈ ਝੋਲੀਆਂ ਅੱਡ ਕੇ ਆਉਂਦੇ ਹਨ, ਵਿਖੇ ਇਕ ਅਧਿਆਪਕ ਵੇਖ ਨਿਰਾਸ਼ ਮੁੜ ਜਾਂਦੇ ਹਨ। ਸਵੇਰ ਦੀ ਸਭਾ ਸਮੇਂ ਹਾਜ਼ਰ ਪਿੰਡ ਦੇ ਸਰਪੰਚ ਨਰਿੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਖਤਾਵਰ ਸਿੰਘ, ਸਾਬਕਾ ਸਰਪੰਚ ਖਜ਼ਾਨ ਸਿੰਘ, ਕਮੇਟੀ ਮੈਂਬਰ ਜੱਸਾ ਸਿੰਘ, ਜਰਨੈਲ ਸਿੰਘ, ਬਚਨ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ, ਗੁਰਨਾਮ ਸਿੰਘ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮਿਡਲ ਸਕੂਲ ਵਿਚ 79 ਬੱਚੇ ਹਨ ਪਰ ਅਧਿਆਪਕ ਇਕ ਹੀ ਹੈ, ਜਦੋਂ ਕਿ ਦੂਸਰਾ ਅਧਿਆਪਕ ਪੜ੍ਹੋ ਪੰਜਾਬ ਤਹਿਤ ਟ੍ਰੇਨਿੰਗ 'ਤੇ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ 1978 'ਚ ਬਣੀ ਸੀ, ਜੋ ਬਹੁਤ ਪੁਰਾਣੀ ਹੈ ਤੇ ਮੀਂਹ ਸਮੇਂ ਲੈਂਟਰ ਲੀਕ ਕਰਦਾ ਹੈ। ਬੱਚਿਆਂ ਦੇ ਬੈਠਣ ਲਈ 15 ਬੈਂਚ ਤੇ 3 ਕਮਰੇ ਹਨ। ਸਕੂਲ ਵਿਚ ਨਾ ਟਾਟ ਹਨ, ਨਾ ਕੁਰਸੀਆਂ। ਸਕੂਲ ਦਾ ਬਾਹਰਲਾ ਗੇਟ ਵੀ ਟੁੱਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਆਰਥਿਕ ਪੱਖੋਂ ਬੇਹੱਦ ਗਰੀਬ ਹਨ ਤੇ ਉਹ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਨਹੀਂ ਭੇਜ ਸਕਦੇ। ਸਕੂਲ 'ਚ ਮਿੱਡ ਡੇ ਮੀਲ ਦਾ ਰਾਸ਼ਨ ਵੀ ਕਥਿਤ ਬਹੁਤ ਮਾੜਾ ਪਹੁੰਚਦਾ ਹੈ ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ। ਇਥੇ ਹੀ ਆਂਗਣਵਾੜੀ ਦੇ 30 ਬੱਚੇ ਹਨ, ਜੋ ਪਿੰਡ 'ਚ ਕਿਤੇ ਹੋਰ ਸਥਾਨ ਨਾ ਹੋਣ ਕਾਰਨ ਇਸੇ ਸਕੂਲ 'ਚ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਮੁਖੀ ਸਮੇਤ ਬੱਚਿਆਂ ਦੀ ਸੰਖਿਆ ਅਨੁਸਾਰ 4 ਅਧਿਆਪਕ ਹੋਣੇ ਚਾਹੀਦੇ ਹਨ।
