ਸਰਕਾਰੀ ਸਕੂਲ ’ਚ ਪੜ੍ਹਦੀ 8ਵੀਂ ਦੀ ਵਿਦਿਆਰਥਣ ਨਾਲ ਬਾਥਰੂਮ ’ਚ ਦਾਖਲ ਹੋ ਕੇ ਛੇੜਛਾੜ

Sunday, Apr 24, 2022 - 05:19 PM (IST)

ਸਰਕਾਰੀ ਸਕੂਲ ’ਚ ਪੜ੍ਹਦੀ 8ਵੀਂ ਦੀ ਵਿਦਿਆਰਥਣ ਨਾਲ ਬਾਥਰੂਮ ’ਚ ਦਾਖਲ ਹੋ ਕੇ ਛੇੜਛਾੜ

ਭਿੱਖੀਵਿੰਡ/ਖਾਲੜਾ (ਭਾਟੀਆ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਇਕ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ 8ਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਪਿੰਡ ਦੇ ਹੀ ਇਕ ਲੜਕੇ ਵੱਲੋਂ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਇਸ ਘਟਨਾ ਸੰਬੰਧੀ ਪੀੜਤ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ 13 ਸਾਲਾ ਲੜਕੀ ਸਰਕਾਰੀ ਸਕੂਲ ਵਿਖੇ 8ਵੀਂ ਕਲਾਸ ਵਿਚ ਪੜ੍ਹਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਕੱਲ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੀ ਲੜਕੀ ਸਕੂਲ ਗਈ ਸੀ ਅਤੇ ਅੱਧੀ ਛੁੱਟੀ ਵੇਲੇ ਜਦੋਂ ਉਹ ਆਪਣੀ ਸਹੇਲੀ ਨਾਲ ਬਾਥਰੂਮ ਗਈ ਤਾਂ ਸਕੂਲ ਦੇ ਗੁਆਂਢ ਵਿਚ ਰਹਿੰਦੇ ਇਕ ਲੜਕੇ ਨੇ ਸਕੂਲ ਦੀ ਕੰਧ ਟੱਪ ਕੇ ਬਾਥਰੂਮ ’ਚ ਜਾ ਕੇ ਉਸਦੀ ਬਾਂਹ ਫੜ ਲਈ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਆਪਣਾ ਬਚਾਅ ਕਰਦਿਆਂ ਬਾਥਰੂਮ ਦਾ ਦਰਵਾਜ਼ਾ ਖੜਕਾ ਕੇ ਆਪਣੀ ਸਹੇਲੀ ਨੂੰ ਬੁਲਾਇਆ ਅਤੇ ਜਦੋਂ ਉਸਦੀ ਸਹੇਲੀ ਨੇ ਕੈਮਰੇ ਲੱਗੇ ਹੋਣ ਸੰਬੰਧੀ ਰੌਲਾ-ਰੱਪਾ ਪਾਇਆ ਤਾਂ ਉਕਤ ਲੜਕਾ ਉੱਥੋਂ ਭੱਜ ਗਿਆ।

ਉੱਥੇ ਹੀ ਇਸ ਸੰਬੰਧੀ ਆਪਣੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆ ਵਿਦਿਆਰਥਣ ਨੇ ਦੱਸਿਆ ਕਿ ਉਸਨੇ ਇਸ ਘਟਨਾ ਸੰਬੰਧੀ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਅਤੇ ਫਿਰ ਆਪਣੇ ਮਾਤਾ-ਪਿਤਾ ਨੂੰ ਦੱਸਿਆ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਇਸ ਘਟਨਾ ਸੰਬੰਧੀ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਹੈ। ਉੱਧਰ ਜਦੋਂ ਇਸ ਸੰਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਲੜਕੀ ਅਤੇ ਉਸ ਦੇ ਮਾਤਾ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਐੱਸ.ਐੱਚ.ਓ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News