ਪੀ. ਯੂ. ਦੇ ਵਿਦਿਆਰਥੀਆਂ ਨੂੰ ਚਰਸ ਵੇਚਣ ਵਾਲਾ ਐੱਮ. ਬੀ. ਏ. ਵਿਦਿਆਰਥੀ ਕਾਬੂ
Sunday, Dec 04, 2022 - 01:51 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਵਿਦਿਆਰਥੀਆਂ ਨੂੰ ਚਰਸ ਸਪਲਾਈ ਕਰਨ ਵਾਲੇ ਐੱਮ. ਬੀ. ਏ. ਦੇ ਵਿਦਿਆਰਥੀ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਕਾਬੂ ਕੀਤਾ ਹੈ, ਜਿਸਦੀ ਪਛਾਣ ਸੈਕਟਰ-51 ਨਿਵਾਸੀ ਤਨੁਜ ਗਰਗ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਤਨੁਜ ਕੋਲੋਂ 110 ਗ੍ਰਾਮ ਚਰਸ ਬਰਾਮਦ ਹੋਈ ਹੈ। ਮੁਲਜ਼ਮ ਮੋਹਾਲੀ ਸਥਿਤ ਇਕ ਕਾਲਜ ਵਿਚ ਐੱਮ. ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਹੈ। ਪੁਲਸ ਟੀਮ ਨੇ ਚਰਸ ਜ਼ਬਤ ਕਰਕੇ ਮੁਲਜ਼ਮ ਮਨੁਜ ਖ਼ਿਲਾਫ਼ ਸੈਕਟਰ-49 ਪੁਲਸ ਸਟੇਸ਼ਨ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ।
ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਇੰਚਾਰਜ ਸਤਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆ ਨੂੰ ਨਸ਼ੇ ਵਾਲਾ ਪਦਾਰਥ ਸਪਲਾਈ ਕਰਨ ਵਾਲਾ ਨੌਜਵਾਨ ਸੈਕਟਰ-15 ਦੇ ਪਾਰਕ ਦੇ ਕੋਲ ਆ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ। ਟੀਮ ਨੂੰ ਪਾਰਕ ਕੋਲ ਸ਼ੱਕੀ ਨੌਜਵਾਨ ਆਉਂਦਾ ਦਿਖਾਈ ਦਿੱਤਾ। ਪੁਲਸ ਟੀਮ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਨੌਜਵਾਨ ਦਾ ਪਿੱਛਾ ਕਰ ਕੇ ਉਸ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਨੌਜਵਾਨ ਕੋਲੋਂ 110 ਗ੍ਰਾਮ ਚਰਸ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਹ ਮੋਹਾਲੀ ਸਥਿਤ ਇਕ ਕਾਲਜ ਵਿਚ ਐੱਮ. ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਉਹ ਖੁਦ ਵੀ ਨਸ਼ਾ ਕਰਦਾ ਹੈ।
ਯੂਨੀਵਰਸਿਟੀ ’ਚ ਆਉਣ ਵਾਲੇ ਵਿਦਿਆਰਥੀਆਂ ਨਾਲ ਦੋਸਤੀ ਕਰ ਕੇ ਵੇਚਦਾ ਸੀ ਚਰਸ
ਪੁੱਛਗਿੱਛ ਵਿਚ ਮੁਲਜ਼ਮ ਤਨੁਜ ਗਰਗ ਨੇ ਦੱਸਿਆ ਕਿ ਉਸ ਦੇ ਸਰਕਲ ਵਿਚ ਪੰਜਾਬ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਹਨ, ਜੋ ਨਸ਼ਾ ਕਰਦੇ ਹਨ। ਉਹ ਨਸ਼ਾ ਵੇਚਣ ਲਈ ਯੂਨੀਵਰਸਿਟੀ ਵਿਚ ਆਉਣ ਵਾਲੇ ਵਿਦਿਆਰਥੀਆਂ ਨਾਲ ਪੁਰਾਣੇ ਦੋਸਤਾਂ ਰਾਹੀਂ ਦੋਸਤੀ ਕਰਦਾ ਅਤੇ ਫਿਰ ਉਨ੍ਹਾਂ ਨੂੰ ਚਰਸ ਸਮੇਤ ਹੋਰ ਨਸ਼ੇ ਵਾਲਾ ਪਦਾਰਥ ਵੇਚਦਾ ਸੀ। ਉਹ ਵਿਦਿਆਰਥੀਆਂ ਦੀ ਮੰਗ ਦੇ ਹਿਸਾਬ ਨਾਲ ਨਸ਼ੇ ਵਾਲਾ ਪਦਾਰਥ ਵੇਚਦਾ ਸੀ। ਤਨੁਜ ਨੇ ਦੱਸਿਆ ਕਿ ਉਸ ਨੂੰ ਨਸ਼ੇ ਵਾਲਾ ਪਦਾਰਥ ਡਰੱਗ ਪੈਡਲਰ ਦੇ ਕੇ ਜਾਂਦੇ ਸਨ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੂੰ ਤਨੁਜ ਗਰਗ ਦੇ ਮੋਬਾਇਲ ਤੋਂ ਉਸ ਨੂੰ ਨਸ਼ੇ ਵਾਲਾ ਪਦਾਰਥ ਦੇਣ ਅਤੇ ਖਰੀਦਣ ਵਾਲਿਆਂ ਸਬੰਧੀ ਜਾਣਕਾਰੀ ਮਿਲੀ ਹੈ।