ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ
Tuesday, Jun 26, 2018 - 03:50 AM (IST)
ਹੁਸ਼ਿਆਰਪੁਰ, (ਘੁੰਮਣ)- ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸੁਪਰਡੈਂਟ ਸੁਆਮੀ ਸਿੰਘ ਦੀ ਅਗਵਾਈ ਵਿਚ ਅੱਜ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਟਾਂਡਾ ਚੌਕ, ਮਾਡਲ ਟਾਊਨ, ਪ੍ਰਭਾਤ ਚੌਕ, ਕਮਾਲਪੁਰ, ਗੋਕਲ ਨਗਰ, ਰੇਲਵੇ ਮੰਡੀ, ਪੁਰਹੀਰਾਂ, ਗੁਰੂ ਨਾਨਕ ਐਵੀਨਿਊ, ਮਾਊਂਟ ਐਵੀਨਿਊ, ਸੈਸ਼ਨ ਚੌਕ, ਸੁਤਹਿਰੀ ਰੋਡ, ਡੀ.ਸੀ. ਰੋਡ, ਬਸੰਤ ਵਿਹਾਰ ਆਦਿ ਦਾ ਦੌਰਾ ਕੀਤਾ ਅਤੇ ਲੋਕਾਂ ਵੱਲੋਂ ਪਾਣੀ ਦੀ ਦੁਰਵਰਤੋਂ ਕਰਨ ਸਬੰਧੀ ਵਰਤੇ ਜਾ ਰਹੇ ਸਮਾਨ ਅਤੇ ਪਾਈਪਾਂ ਆਦਿ ਕਬਜ਼ੇ ਵਿਚ ਲਈਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਪਾਣੀ ਦੀ ਵਰਤੋਂ ਸੰਯਮ ਨਾਲ ਕਰਨ ਤਾਂ ਜੋ ਆਮ ਪਬਲਿਕ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਜਾਰੀ ਰੱਖੀ ਜਾ ਸਕੇ।
ਸਹਾਇਕ ਕਮਿਸ਼ਨਰ ਸੰਦੀਪ ਤਿਵਾਡ਼ੀ ਨੇ ਦੱਸਿਆ ਕਿ ਗਰਮੀ ਦਾ ਮੌਸਮ ਜ਼ੋਰਾਂ ’ਤੇ ਹੈ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਖਪਤ ਬਹੁਤ ਵੱਧ ਗਈ ਹੈ। ਦੇਖਣ ਵਿਚ ਆਇਆ ਹੈ ਕਿ ਲੋਕਾਂ ਵੱਲੋਂ ਆਪਣੀਆਂ ਗੱਡੀਆਂ, ਫਰਸ਼, ਥਡ਼੍ਹੇ ਪਾਣੀ ਦੀਆਂ ਪਾਈਪਾਂ ਲਾ ਕੇ ਧੋਏ ਜਾਂਦੇ ਹਨ। ਇਸ ਤੋਂ ਇਲਾਵਾ ਪਾਣੀ ਦੀਆਂ ਟੂਟੀਆਂ ਬਿਨਾਂ ਵਜ੍ਹਾ ਖੁੱਲ੍ਹੀਆਂ ਛੱਡੀਆਂ ਜਾਂਦੀਆਂ ਹਨ, ਜਿਸ ਕਾਰਨ ਜਿੱਥੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉੱਥੇ ਕਈ ਗੁਣਾ ਜ਼ਿਆਦਾ ਪੀਣ ਵਾਲਾ ਪਾਣੀ ਵਿਅਰਥ ਹੀ ਜਾਂਦਾ ਹੈ ਅਤੇ ਪਾਣੀ ਦੀ ਕਿਲਤ ਪੈਦਾ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੁਪਰਡੈਂਟ ਸੁਆਮੀ ਸਿੰਘ, ਜੇ. ਈ. ਮਕੈਨੀਕਲ ਅਸ਼ਵਨੀ ਕੁਮਾਰ, ਇਲੈਕਟ੍ਰੀਸ਼ਨ ਜੋਗਿੰਦਰ ਸਿੰਘ ਵੱਲੋਂ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਇਸ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ।
