ਕਿਸਾਨ ਸੰਘਰਸ਼ ਨੂੰ ਕੇਸਰੀ ਨਿਸ਼ਾਨ ਦਾ ਮੁੱਦਾ ਬਣਾਉਣਾ ਮੰਦਭਾਗਾ : ਬੀਬੀ ਜਗੀਰ ਕੌਰ

01/30/2021 9:11:27 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ’ਤੇ ਪੈਦਾ ਕੀਤੇ ਜਾ ਰਹੇ ਵਿਵਾਦ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਜਾਣਬੁਝ ਕੇ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ, ਜਦਕਿ ਸਰਕਾਰ ਖਾਮੋਸ਼ ਬੈਠੀ ਹੈ। ਸਿੱਖ ਧਰਮ ਦੇ ਕੇਸਰੀ ਨਿਸ਼ਾਨ ਨੂੰ ਸਵਾਲਾਂ ਦੇ ਘੇਰੇ ’ਚ ਲੈਣਾ ਹਰਗਿਜ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਗਏ ਲੋਕਾਂ ਨੂੰ ਪੁਲਸ ਨੇ ਰਸਤਾ ਖ਼ੁਦ ਦਿੱਤਾ ਸੀ ਅਤੇ ਜੇਕਰ ਉਥੇ ਲੋਕਾਂ ਨੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਇਸ ’ਚ ਕੋਈ ਗੁਨਾਹ ਨਹੀਂ ਕੀਤਾ। ਇਹ ਕੇਸਰੀ ਨਿਸ਼ਾਨ ਲਾਲ ਕਿਲ੍ਹੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਹਾੜੇ ਅਤੇ ਦਿੱਲੀ ਫ਼ਤਹਿ ਦਿਵਸ ਮੌਕੇ ਅਕਸਰ ਝੂਲਦੇ ਹਨ। ਇਥੇ ਹੀ ਬਸ ਨਹੀਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਵੀ ਹਰ ਸਾਲ ਸਿੱਖ ਧਰਮ ਨਾਲ ਸਬੰਧਤ ਝਾਕੀ ਸਮੇਂ ਨਿਸ਼ਾਨ ਸਾਹਿਬ ਸ਼ਾਮਲ ਹੁੰਦਾ ਹੈ। ਇਸ ਵਾਰ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਝਾਕੀ ਪ੍ਰੇਡ ਦਾ ਹਿੱਸਾ ਸੀ।

ਇਹ ਵੀ ਪੜ੍ਹੋ : ਸਰਕਾਰ ਦੀ ਸ਼ਹਿ ’ਤੇ ਵਾਪਰੀ ਲਾਲ ਕਿਲ੍ਹੇ ਵਾਲੀ ਘਟਨਾ : ਢੱਡਰੀਆਂ ਵਾਲੇ

ਸਿੱਖ ਧਰਮ ਦਾ ਇਹ ਨਿਸ਼ਾਨ ਸ਼ਾਂਤੀ, ਸਾਂਝੀਵਾਲਤਾ, ਮਨੁੱਖੀ ਭਾਈਚਾਰੇ, ਮਾਨਵ ਹਮਦਰਦੀ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅੰਦਰ ਝੂਲਦੇ ਕੇਸਰੀ ਨਿਸ਼ਾਨ ਸਾਹਿਬ ਨੂੰ ਦੇਖ ਕੇ ਅਕਸਰ ਲੋੜਵੰਦ ਆਸਰਾ ਲੈਣ ਪੁੱਜਦੇ ਹਨ। ਦੁੱਖ ਦੀ ਗੱਲ ਹੈ ਕਿ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾਉਣ ਦੇ ਮਾਮਲੇ ਨੂੰ ਹੀ ਕਿਸਾਨ ਸੰਘਰਸ਼ ਦੀ ਥਾਂ ਉਭਾਰਿਆ ਜਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਉਥੇ ਰਾਸ਼ਟਰੀ ਝੰਡੇ ਦੇ ਸਤਿਕਾਰ ਨੂੰ ਬਹਾਲ ਰੱਖਦਿਆਂ ਹੀ ਨੌਜਵਾਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਲਹਿਰਾਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਅਤੇ ਜੋ ਸ਼ਕਤੀਆਂ ਜਾਣਬੁਝ ਕੇ ਕਿਸਾਨੀ ਸੰਘਰਸ਼ ਨੂੰ ਫਿਰਕੂ ਰੰਗ ਦੇ ਰਹੀਆਂ ਹਨ, ਉਨ੍ਹਾਂ ’ਤੇ ਨਕੇਲ ਕੱਸਣੀ ਅਤੇ ਪੁਲਸ ਨੂੰ ਹੱਦ ਅੰਦਰ ਰਹਿਣ ਦੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, ਪੰਜਾਬੀਓ ਪੱਗ ਦਾ ਸਵਾਲ ਹੈ, ਕਿਸਾਨ ਅੰਦੋਲਨ ’ਚ ਵਹੀਰਾਂ ਘੱਤ ਕੇ ਪੁੱਜੋ

ਸਿੰਘੂ ਬਾਰਡਰ ’ਤੇ ਪੁਲਸ ਵੱਲੋਂ ਕੀਤੀ ਕਾਰਵਾਈ ਨਿੰਦਣਯੋਗ 

ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਪੁਲਸ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਦਬਾ ਰਹੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਸੰਘਰਸ਼ੀ ਕਿਸਾਨਾਂ ਵਿਰੁੱਧ ਗਾਜ਼ੀਪੁਰ ਬਾਰਡਰ ਦੇ ਨਾਲ-ਨਾਲ ਸਿੰਘੂ ਬਾਰਡਰ ’ਤੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਮਨੋਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਹੋਰ ਮੌਜੂਦਾ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News