ਯੂਨੀਵਰਸਿਟੀ ਦੇ ਕਰਮਚਾਰੀਆਂ ਦਾ ਧਰਨਾ 16ਵੇਂ ਦਿਨ ਵੀ ਜਾਰੀ

Thursday, Jun 08, 2017 - 07:47 AM (IST)

ਯੂਨੀਵਰਸਿਟੀ ਦੇ ਕਰਮਚਾਰੀਆਂ ਦਾ ਧਰਨਾ 16ਵੇਂ ਦਿਨ ਵੀ ਜਾਰੀ

ਫਰੀਦਕੋਟ (ਹਾਲੀ) - ਪੰਜਾਬ 'ਚ 1 ਲੱਖ ਤੋਂ ਵੱਧ ਅਜਿਹੇ ਨੌਜਵਾਨ ਹਨ, ਜੋ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਠੇਕੇ 'ਤੇ ਨੌਕਰੀ ਕਰ ਰਹੇ ਹਨ, ਜੇਕਰ ਪੰਜਾਬ ਸਰਕਾਰ ਅਜਿਹੇ ਨੌਜਵਾਨਾਂ ਦੀਆਂ ਹੱਕੀ ਮੰਗਾਂ ਜਲਦ ਹੀ ਪੂਰੀਆਂ ਨਹੀਂ ਕਰੇਗੀ ਤਾਂ ਇਹ ਨੌਜਵਾਨ ਸ਼ਕਤੀ ਪੂਰੇ ਪੰਜਾਬ 'ਚ ਤੂਫਾਨ ਲਿਆ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਆਗੂ ਸੱਜਣ ਸਿੰਘ ਨੇ ਕੀਤਾ। ਉਹ ਅੱਜ ਇਥੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਕੰਟਰੈਕਚੁਅਲ/ ਆਊਟਸੋਰਸਿਸ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ/ਯੂਨੀਵਰਸਿਟੀ ਅੰਡਰ ਕਰਵਾਉਣ ਲਈ ਲਾਏ ਧਰਨੇ ਨੂੰ ਸੰਬੋਧਨ ਕਰਨ ਲਈ ਆਏ ਸਨ।
ਉਨ੍ਹਾਂ ਕਿਹਾ ਕਿ 1963 ਤੋਂ ਮੁਲਾਜ਼ਮ ਸੰਘਰਸ਼ਾਂ ਲਈ ਲੜ ਰਿਹਾ ਹਾਂ, ਇਸ ਦੌਰਾਨ ਤਿੰਨ ਮਰਨ ਵਰਤ ਰੱਖੇ ਹਨ ਅਤੇ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਪੰਜਾਬ ਸਰਕਾਰ 'ਤੇ ਦਬਾਅ ਬਣਾ ਕੇ ਐਕਟ ਬਣਾਇਆ, ਜੋ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਜਾਣ-ਬੁੱਝ ਕੇ ਲੇਟ ਕੀਤਾ ਗਿਆ ਅਤੇ ਜਦੋਂ ਇਹ ਐਕਟ ਲਾਗੂ ਹੋ ਗਿਆ ਤਾਂ ਕੈਪਟਨ ਸਰਕਾਰ ਨੇ ਆਪ ਹੀ ਇਸ 'ਤੇ ਰਿੱਟ ਕਰਵਾ ਕੇ ਇਸ ਨੂੰ ਲਮਕਾ ਦਿੱਤਾ ਪਰ ਅਜੇ ਤੱਕ ਇਸ 'ਤੇ ਹਾਈਕੋਰਟ ਵੱਲੋਂ ਸਟੇਅ ਨਹੀਂ ਹੋਇਆ। ਯੂਨੀਵਰਸਿਟੀ ਦੇ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 16ਵੇਂ ਵੀ ਜਾਰੀ ਰਿਹਾ।
ਇਸ ਮੌਕੇ ਸੂਬਾਈ ਮੁਲਾਜ਼ਮ ਆਗੂ ਜਗਦੀਸ਼ ਸਿੰਘ ਚਾਹਲ, ਦੀਦਾਰ ਸਿੰਘ ਮੁੱਦਕੀ, ਸਤੇਸ਼ ਭੂੰਦਰ, ਸੁਖਵਿੰਦਰ ਸਿੰਘ ਸੁੱਖੀ, ਸੁਖਦੇਵ ਸਿੰਘ ਮੱਲ੍ਹੀ ਪੀ. ਆਰ. ਟੀ. ਸੀ., ਪੋਹਲ ਸਿੰਘ ਬਰਾੜ, ਹਰਪਾਲ ਸਿੰਘ ਮਚਾਕੀ ਬਿਜਲੀ ਬੋਰਡ, ਅਸ਼ੋਕ ਕੌਸ਼ਲ ਪੈਨਸ਼ਨਰਜ਼ ਯੂਨੀਅਨ, ਪ੍ਰਦੀਪ ਸਿੰਘ ਬਰਾੜ, ਇਕਬਾਲ ਸਿੰਘ, ਗੁਰਚਰਨ ਸਿੰਘ ਮਾਨ ਤੇ ਬੂਟਾ ਸਿੰਘ ਖੇਤ ਮਜ਼ਦੂਰ ਯੂਨੀਅਨ ਆਗੂ ਨੇ ਸੰਬੋਧਨ ਕੀਤਾ।


Related News